ਦਿਨੇਸ਼ ਭਾਰਦਵਾਜ
ਚੰਡੀਗੜ੍ਹ, 3 ਅਗਸਤ
ਨਾਸਿਰ-ਜੁਨੈਦ ਕਤਲ ਕਾਂਡ ਦੇ ਮੁਲਜ਼ਮ ਮੋਨੂੰ ਮਾਨੇਸਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹਰਿਆਣਾ ਅਤੇ ਰਾਜਸਥਾਨ ਆਹਮੋ ਸਾਹਮਣੇ ਹੋ ਗਏ ਹਨ। ਬੁੱਧਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੋਨੂੰ ਮਾਨੇਸਰ ਦੀ ਗ੍ਰਿਫਤਾਰੀ ਨੂੰ ਲੈ ਕੇ ਰਾਜਸਥਾਨ ਸਰਕਾਰ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਹਰਿਆਣਾ ਪੁਲੀਸ ਕੋਲ ਮੋਨੂੰ ਮਾਨੇਸਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸ੍ਰੀ ਮਨੋਹਰ ਲਾਲ ਦੇ ਇਸ ਬਿਆਨ ਤੋਂ ਬਾਅਦ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੋੜਵਾਂ ਜੁਆਬ ਦਿੱਤਾ ਹੈ। ਉਨ੍ਹਾਂ ਟਵੀਟ ਕੀਤਾ ਮੁੱਖ ਮੰਤਰੀ ਮਨੋਹਰ ਲਾਲ ਮੀਡੀਆ ‘ਚ ਬਿਆਨ ਦਿੰਦੇ ਹਨ ਕਿ ਉਹ ਰਾਜਸਥਾਨ ਪੁਲੀਸ ਦੀ ਹਰ ਸੰਭਵ ਮਦਦ ਕਰਨਗੇ ਪਰ ਜਦੋਂ ਸਾਡੀ ਪੁਲੀਸ ਨਾਸਿਰ-ਜੁਨੈਦ ਕਤਲ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਗਈ ਤਾਂ ਹਰਿਆਣਾ ਪੁਲੀਸ ਨੇ ਸਹਿਯੋਗ ਨਹੀਂ ਕੀਤਾ, ਉਲਟ ਰਾਜਸਥਾਨ ਪੁਲੀਸ ਖ਼ਿਲਾਫ਼ ਕੇਸ ਦਰਜ ਕਰ ਦਿੱਤਾ। ਹਰਿਆਣਾ ਪੁਲੀਸ ਫਰਾਰ ਮੁਲਜ਼ਮਾਂ ਨੂੰ ਲੱਭਣ ਵਿੱਚ ਰਾਜਸਥਾਨ ਪੁਲੀਸ ਨਾਲ ਸਹਿਯੋਗ ਨਹੀਂ ਦੇ ਰਹੀ।