ਪੰਚਕੂਲਾ (ਪੱਤਰ ਪ੍ਰੇਰਕ): ਭਵਿੱਖ ਵਿੱਚ ਜੰਗ ਤੇ ਐਮਰਜੈਂਸੀ ਸਥਿਤੀ ਵਿਚ ਹੈਲੀਕਾਪਟਰ ਦੀ ਲੈਂਡਿੰਗ ਸਹੂਲਤ ਪ੍ਰਦਾਨ ਕਰਨ ਲਈ ਹਰ ਜ਼ਿਲ੍ਹੇ ਵਿਚ ਹੈਲੀਪੈਡ ਬਣਾਉਣ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਹਵਾਬਾਜ਼ੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਇਸ ਸਬੰਧੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਲੋਂੜੀਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਲੈਂਡਿੰਗ ਸਹੂਲਤ ਲਈ ਜ਼ਿਲ੍ਹਾ ਪੁਲੀਸ ਲਾਈਨ ਵਿਚ ਹੈਲੀਪੈਡ ਸਥਾਪਤ ਕਰਨ ਦੀ ਸੰਭਾਵਨਾ ’ਤੇ ਤੇਜ਼ੀ ਨਾਲ ਕੰਮ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਬੁਨਿਆਦੀ ਢਾਂਚਾ ਵਿਕਸਿਤ ਹੋਣ ਨਾਲ ਜੰਗ ਤੇ ਐਮਰਜੈਂਸੀ ਸਥਿਤੀ ਵਿਚ ਹੈਲੀਕਾਪਟਰ ਦੀ ਲੈਂਡਿੰਗ ਕੀਤੀ ਜਾ ਸਕੇਗੀ। ਸੁਰੱਖਿਆ ਦੇ ਨਜ਼ਰ ਨਾਲ ਪੁਲੀਸ ਲਾਈਨ ਵਿਚ ਹੈਲੀਪੈਡ ਬਣਨ ਨਾਲ ਇਨ੍ਹਾਂ ਦੀ ਸੁਰੱਖਿਆ ਦੇ ਵੀ ਪੂਰੇ ਇੰਤਜਾਮ ਰਹਿਣਗੇ। ਉਨ੍ਹਾਂ ਕਿਹਾ ਕਿ ਪੁਲੀਸ ਦਾ ਸੂਚਨਾਤੰਤਰ ਬਹੁਤ ਮਜ਼ਬੂਤ ਹੁੰਦਾ ਹੈ, ਇਸ ਲਈ ਐਮਰਜੈਂਸੀ ਸਥਿਤੀ ਵਿਚ ਇਨ੍ਹਾਂ ਹੈਲੀਪੈਡ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾ ਸਕੇਗੀ। ਡਿਪਟੀ ਮੁੱਖ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿਚ ਸਿਵਲ ਐਵੀਏਸ਼ਨ ਮੰਤਰੀਆਂ ਦੇ ਸੰਮੇਲਨ ਵਿਚ ਐਮਰਜੈਂਸੀ ਤੋਂ ਨਿਪਟਨ ਲਈ ਦੇਸ਼ ਦੇ ਹਰੇਕ ਜ਼ਿਲ੍ਹੇ ਵਿਚ ਇਕ ਹੈਲੀਪੈਡ ਬਣਾਉਣ ਦੀ ਲੋੜ ’ਤੇ ਜੋਰ ਦਿੱਤਾ ਗਿਆ।