ਸਿਰਸਾ: ਪੰਜਾਬ ਦੇ ਆੜ੍ਹਤੀਆਂ ਦੀ ਹਮਾਇਤ ਵਿੱਚ ਅੱਜ ਹਰਿਆਣਾ ਆੜ੍ਹਤੀ ਐਸੋਸੀਏਸ਼ਨ ਨੇ 25 ਦਸੰਬਰ ਨੂੰ ਹਰਿਆਣਾ ਦੀਆਂ ਮੰਡੀਆਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਆੜ੍ਹਤੀ ਐਸੋਸੀਏਸ਼ਨ ਸਿਰਸਾ ਦੇ ਪ੍ਰਧਾਨ ਹਰਦੀਪ ਸਿੰਘ ਸਰਕਾਰੀਆ ਨੇ ਦੱਸਿਆ ਕਿ ਪੰਜਾਬ ਦੇ ਆੜ੍ਹਤੀਆਂ ’ਤੇ ਆਮਦਨ ਟੈਕਸ ਵਿਭਾਗ ਵੱਲੋਂ ਛਾਪੇ ਮਾਰ ਕੇ ਆੜ੍ਹਤੀਆਂ ਨੂੰ ਨਾਜਾਇਜ਼ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਖ਼ਿਲਾਫ਼ ਇਕਜੁੱਟ ਹੁੰਦਿਆਂ ਹਰਿਆਣਾ ਦੇ ਆੜ੍ਹਤੀਆਂ ਵੱਲੋਂ 25 ਦਸੰਬਰ ਨੂੰ ਮੰਡੀਆਂ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਵੀ ਭੂਨਾ ਤੇ ਫਤਿਹਾਬਾਦ ਮੰਡੀ ਦੇ ਪ੍ਰਧਾਨਾਂ ਖ਼ਿਲਾਫ਼ ਕੇਸ ਦਰਜ ਕਰਵਾਏ ਹਨ, ਜਿਸ ਤੋਂ ਸਾਫ ਹੋ ਗਿਆ ਹੈ ਕਿ ਸਰਕਾਰ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਵਾਲਿਆਂ ਨੂੰ ਦਬਾਉਣ ਦੀ ਕੋਝੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕ ਸਰਕਾਰ ਦੀ ਇਸ ਨੀਤੀ ਨੂੰ ਸਫ਼ਲ ਨਹੀਂ ਹੋਣ ਦੇਣਗੇ। -ਪੱਤਰ ਪ੍ਰੇਰਕ