ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 4 ਸਤੰਬਰ
ਸ਼ਾਹਜ਼ਾਦਪੁਰ ਥਾਣੇ ਅਧੀਨ ਆਉਂਦੇ ਇਲਾਕੇ ਵਿੱਚ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਪ੍ਰੇਮੀ ਦੀ ਹੱਤਿਆ ਕਰ ਕੇ ਲਾਸ਼ ਭਾਰਾਂਪੁਰ ਪਿੰਡ ਦੀਆਂ ਝਾੜੀਆਂ ਵਿੱਚ ਸੁੱਟ ਦਿੱਤੀ। ਪਿੰਡ ਦੇ ਸਾਬਕਾ ਕਾਰਜਕਾਰੀ ਸਰਪੰਚ ਉਂਕਾਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਪੈਦਲ ਜਾ ਰਿਹਾ ਸੀ ਤਾਂ ਰਵਿਦਾਸ ਮੰਦਰ ਵਾਲੀ ਪੱਕੀ ਗਲੀ ਤੋਂ ਕਰੀਬ ਪੰਜ ਕਦਮ ਦੂਰ ਝਾੜੀਆਂ ਵਿੱਚ ਇਕ 40 ਕੁ ਸਾਲ ਦੇ ਵਿਅਕਤੀ ਦੀ ਖ਼ੂਨ ਨਾਲ ਲਿੱਬੜੀ ਲਾਸ਼ ਪਈ ਸੀ। ਉਸ ਦੇ ਸਿਰ ਵਿੱਚੋਂ ਖ਼ੂਨ ਵਗ ਰਿਹਾ ਸੀ। ਸਿਰ ਦੇ ਪਿੱਛੇ ਸੱਟਾਂ ਦੇ ਨਿਸ਼ਾਨ ਸਨ। ਉਂਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਾਰੇ ਆਸ-ਪਾਸ ਪਤਾ ਕੀਤਾ ਗਿਆ ਪਰ ਕੋਈ ਜਾਣਕਾਰੀ ਨਹੀਂ ਮਿਲੀ। ਉਪਰੰਤ ਉਸ ਨੇ ਪੁਲੀਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ। ਮ੍ਰਿਤਕ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਦੇ ਵਸਨੀਕ ਸੁਨੀਲ ਕੁਮਾਰ ਵਜੋਂ ਹੋਈ ਹੈ। ਉਹ ਕਾਲਾ ਅੰਬ ਵਿੱਚ ਆਪਣੀ ਪ੍ਰੇਮਿਕਾ ਨਾਲ ਰਹਿੰਦਾ ਸੀ। ਸ਼ਾਹਜ਼ਾਦਪੁਰ ਥਾਣੇ ਦੇ ਇੰਚਾਰਜ ਭੀਮ ਸਿੰਘ ਨੇ ਦੱਸਿਆ ਕਿ ਸੁਨੀਲ ਕੁਮਾਰ ਪੁੱਤਰ ਹੇਤ ਰਾਮ ਦੀ ਹੱਤਿਆ ਉਸ ਦੀ ਪ੍ਰੇਮਿਕਾ ਦੇ ਪਤੀ ਨੇ ਕੀਤੀ ਹੈ। ਫ਼ਿਲਹਾਲ ਇਸ ਸਬੰਧੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।