ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 31 ਅਗਸਤ
ਕਰੋਨਾ ਮਹਾਮਾਰੀ ਦੀਆਂ ਮੈਡੀਕਲ ਰਿਪੋਰਟਾਂ ਨੂੰ ਲੈ ਕੇ ਵੱਡੀ ਸਰਕਾਰੀ ਲਾਪਰਵਾਹੀ ਉਜਾਗਰ ਹੋਈ ਹੈ। ਕਰੋਨਾ ਟੈਸਟ ਦੀਆਂ ਪਾਜ਼ੇਟਿਵ ਅਤੇ ਨੈਗੇਟਿਵ ਦੋ ਵੱਖ-ਵੱਖ ਰਿਪੋਰਟਾਂ ਨੇ ਕੋਰੋਨਾ ਮਰੀਜ਼ ਸੁਰੇਸ਼ ਕੁਮਾਰ ਮੁਨੀਮ ਨੂੰ ਨਾ ਹੱਸਦਿਆਂ ਛੱਡਿਆ ਅਤੇ ਨਾ ਹੀ ਰੋਂਦਿਆਂ। ਉਹ ਸਿਵਲ ਹਸਪਤਾਲ ਡੱਬਵਾਲੀ ਵਿਖੇ 29 ਅਗਸਤ ਨੂੰ ਟੈਸਟ ‘ਚ ਪਾਜ਼ੇਟਿਵ ਕਰਾਰ ਦਿੱਤਾ ਹੋਇਆ ਹੈ ਜਿਸ ਦੀ ਐਸ.ਆਰ.ਐਫ਼ ਆਈਡੀ ਨੰਬਰ 0607400045926 (ਡੀਬੀਐਲ 2392) ਹੈ। ਅੱਜ ਸਵੇਰੇ ਸਿਹਤ ਵਿਭਾਗ ‘ਸਿਰਸਾ ਲੈਬ’ ਵੱਲੋਂ ਉਸ ਦੇ ਮੋਬਾਈਲ ’ਤੇ ਆਏ ਇੱਕ ਐਸ.ਐਮ.ਐਸ ਨੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ ਜਿਸ ਵਿੱਚ ਉਸਨੂੰ ਨੈਗੇਟਿਵ ਦੱਸਿਆ ਗਿਆ ਹੈ। ਇਸ ਮਾਮਲੇ ‘ਚ ਸਿਹਤ ਵਿਭਾਗ ਨੇ ਸੁਰੇਸ਼ ਦਾ ਪੀ.ਟੀ-ਆਰ.ਸੀ.ਪੀ. ਟੈਸਟ ਲਈ ਸੈਂਪਲ ਲਿਆ ਸੀ। ਜਦੋਂ ਕਿ ਉਸ ਦੀ ਨੈਗੇਟਿਵ ਰਿਪੋਰਟ ‘ਚ ਟੈਸਟ ਦੀ ਕਿਸਮ ਰੈਪਿਡ ਐਂਟੀਜਨ ਦੱਸੀ ਗਈ ਹੈ। ਸੁਰੇਸ਼ ਕੁਮਾਰ ਉਦੋਂ ਤੋਂ ਘਰ ਵਿੱਚ ਇਕਾਂਤਵਾਸ ਹੈ। ਸਿਹਤ ਵਿਭਾਗ ਨੇ ਉਸ ਦੇ ਘਰ ਮੂਹਰੇ ਬਾਂਸ ਵਗੈਰਾ ਲਗਾ ਕੇ ਆਵਾਜਾਈ ਬੰਦ ਕੀਤੀ ਹੋਈ ਹੈ। ਇਨ੍ਹਾਂ ਹਾਲਾਤ ‘ਚ ਬੰਦ ਕਮਰੇ ‘ਚ ਇਕਾਂਤਵਾਸ ਸੁਰੇਸ਼ ਕੁਮਾਰ ਦੋਵੇਂ ਰਿਪੋਰਟਾਂ ਨੂੰ ਵੇਖ ਕੇ ਕਦੇ ਹੱਸ ਲੈਂਦਾ ਅਤੇ ਅੱਖਾਂ ਭਰ ਲੈਂਦਾ ਹੈ। ਮਹਾਮਾਰੀ ਦੇ ਨਾਸਾਜ਼ ਹਾਲਾਤ ‘ਚ ਇਸ ਵੱਡੀ ਖਾਮੀ ਨਾਲ ਸਿਹਤ ਵਿਭਾਗ ਹਰਿਆਣਾ ਦੀ ਕਾਰਗੁਜ਼ਾਰੀ ‘ਤੇ ਵੱਡਾ ਸੁਆਲ ਉੱਠ ਰਿਹਾ ਹੈ। ਸੁਰੇਸ਼ ਕੁਮਾਰ ਨੇ ਆਖਿਆ ਕਿ ਉਹ ਕਿਹੜੀ ਰਿਪੋਰਟ ਨੂੰ ਸੱਚਾ ਮੰਨੇ? ਅੱਜ ਮੋਬਾਈਲ ਨੈਗੇਟਿਵ ਰਿਪੋਰਟ ਆਉਣ ’ਤੇ ਸੁਰੇਸ਼ ਨੇ ਸਿਵਲ ਹਸਪਤਾਲ ’ਚ ਡਾਕਟਰਾਂ ਨਾਲ ਮੋਬਾਈਲ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਸਿਰਸਾ ਵਾਲੀ ਰਿਪੋਰਟ ਤੋਂ ਪੱਲ ਝਾੜਦਿਆਂ ਉਸ ਨੂੰ ਕੋਰੋਨਾ (ਐਂਟੀਜਨ) ਪਾਜ਼ੇਟਿਵ ਦੱਸਿਆ ਅਤੇ ਉਸ ਦੇ ਪਾਜ਼ੇਵਿਟ ਹੋਣ ਬਾਰੇ ਰਿਪੋਰਟ ਵੱਟਸਐਪ ਜ਼ਰੀਏ ਭੇਜ ਦਿੱਤੀ। ਸੁਰੇਸ਼ ਹੁਣ ਇਸ ਮਾਮਲੇ ‘ਚ ਇੱਕੋ ਟੈਸਟ ਦੀਆਂ ਦੋ ਰਿਪੋਰਟਾਂ ਦੀ ਪੜਤਾਲ ਅਤੇ ਸਰਕਾਰੀ ਕੰਮਕਾਜ ’ਤੇ ਨਜ਼ਰਸ਼ਾਨੀ ਦੀ ਮੰਗ ਕਰ ਰਿਹਾ ਹੈ। ਦੂਜੇ ਪਾਸੇ ਇਸ ਬਾਰੇ ਕੋਵਿਡ ਸਿਰਸਾ ਹੈਲਪ ਲਾਈਨ ਨਾਲ ਸੰਪਰਕ ਕੀਤਾ ਗਿਆ ਤਾਂ ਉਥੇ ਮੌਜੂਦ ਮਹਿਲਾ ਕਰਮਚਾਰੀ ਨੇ ਕਿਹਾ ਕਿ ਉਹ ਰਿਕਾਰਡ ਚੈੱਕ ਕਰਕੇ ਹੀ ਦੱਸ ਸਕਦੇ ਹਨ।