ਪੱਤਰ ਪ੍ਰੇਰਕ
ਫਰੀਦਾਬਾਦ, 4 ਅਗਸਤ
ਸਿਹਤ ਮੁਲਾਜ਼ਮਾਂ ਵੱਲੋਂ ਪੱਕੇ ਕਰਨ ਸਮੇਤ ਹੋਰ ਮੰਗਾਂ ਮਨਵਾਉਣ ਲਈ ਸ਼ਹਿਰ ਵਿੱਚੋਂ ਰੈਲੀ ਕੀਤੀ ਗਈ ਤੇ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁਜਰ ਦੇ ਘਰ ਦਾ ਘਿਰਾਓ ਕੀਤਾ ਗਿਆ। ਕੌਮੀ ਸਿਹਤ ਮਿਸ਼ਨ (ਐੱਨਐੱਚਐੱਮ) ਤਹਿਤ ਕਈ ਸਾਲਾਂ ਤੋਂ ਕੱਚੇ ਮੁਲਾਜ਼ਮਾਂ ਵਜੋਂ ਨੌਕਰੀ ਕਰਦੇ ਇਨ੍ਹਾਂ ਮੁਲਾਜ਼ਮਾਂ ਨੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਸੂਬਾ ਸਰਕਾਰ ਦਾ ਪੁਤਲਾ ਵੀ ਫੂਕਿਆ। ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁਜਰ ਦੀ ਸੈਕਟਰ-29 ਦੀ ਨਿੱਜੀ ਰਿਹਾਇਸ਼ ਨੇੜੇ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਦੇ ਰਹੇ ਇਨ੍ਹਾਂ ਕਰੀਬ 500 ਮੁਲਾਜ਼ਮਾਂ ਨੂੰ ਸਥਾਨਕ ਪੁਲੀਸ ਨੇ ਮੰਤਰੀ ਦੇ ਘਰ ਤੋਂ ਪਹਿਲਾਂ ਹੀ ਰੋਕ ਲਿਆ ਤੇ ਅੱਗੇ ਨਹੀਂ ਵਧਣ ਦਿੱਤਾ। ਮੁਲਾਜ਼ਮਾਂ ਵਿੱਚ ਵੱਡੀ ਗਿਣਤੀ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਨੌਕਰੀ ਕਰਦੀਆਂ ਨਰਸਾਂ, ਦਰਜਾ ਚਾਰ ਮੁਲਾਜ਼ਮ ਤੇ ਡਾਕਟਰ ਵੀ ਸ਼ਾਮਲ ਸਨ। ਉਨ੍ਹਾਂ ਵੱਲੋਂ ਬੀਕੇ ਚੌਕ ਤੋਂ ਇਹ ਰੈਲੀ ਕੱਢੀ ਗਈ, ਜਿਸ ਵਿੱਚ ਟਰੈਕਟਰ ਟਰਾਲੀਆਂ ਤੇ ਦੋ ਪਹੀਆ ਵਾਹਨਾਂ ਉਪਰ ਸਵਾਰ ਹੋ ਕੇ ਐੱਨਆਈਟੀ ਨੰਬਰ-1, 2, 3, 4 ਵਿੱਚੋਂ ਲੰਘਦੇ ਹੋਏ ਸਥਾਨਕ ਵਿਧਾਇਕਾ ਸੀਮਾ ਤ੍ਰਿਖਾ ਦੀ ਸੈਕਟਰ-21 ਦੀ ਰਿਹਾਇਸ਼ ਕੋਲ ਨਾਅਰੇਬਾਜ਼ੀ ਕੀਤੀ ਗਈ। ਫਿਰ ਇਸ ਸੈਕਟਰ-21 ਦੇ ਬਲਾਕ ‘ਸੀ’ ਅਤੇ ‘ਡੀ’ ਵਿੱਚੋਂ ਹੋਏ ਪ੍ਰਦਰਸ਼ਨਕਾਰੀ ਮੁਥਰਾ ਰੋਡ ਪਾਰ ਕਰ ਕੇ ਸੰਸਦ ਮੈਂਬਰ ਦੀ ਰਿਹਾਇਸ਼ ਨੇੜੇ ਪਹੁੰਚੇ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਕਈ ਮੁਲਾਜ਼ਮ ਤਾਂ 25 ਸਾਲਾਂ ਤੋਂ ਨੌਕਰੀ ਕਰ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਗਿਆ। ਮੁਲਾਜ਼ਮਾਂ ਦੇ ਪ੍ਰਦਰਸ਼ਨ ਕਾਰਨ ਸਿਹਤ ਸੇਵਾਵਾਂ ਉਪਰ ਅਸਰ ਪਿਆ ਤੇ ਸਰਕਾਰੀ ਬਾਦਸ਼ਾਹ ਖ਼ਾਨ ਹਸਪਤਾਲ, ਡਿਸਪੈਂਸਰੀਆਂ ਤੇ ਮੁੱਢਲੇ ਸਿਹਤ ਕੇਂਦਰਾਂ ਵਿੱਚ ਮਰੀਜ਼ ਖੱਜਲ ਹੋਏ।