ਨਿਜੀ ਪੱਤਰ ਪ੍ਰੇਰਕ
ਅੰਬਾਲਾ, 7 ਮਈ
ਅੰਬਾਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਦੋ ਬੰਦੀਆਂ ਨੂੰ ਉਨ੍ਹਾਂ ਦੇ ਮੁਲਾਕਾਤੀਆਂ ਵੱਲੋਂ ਹੈਰੋਇਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਦੇ ਡਿਪਟੀ ਸੁਪਰਡੈਂਟ ਰਾਜੀਵ ਕੁਮਾਰ ਦੀ ਸ਼ਿਕਾਇਤ ’ਤੇ ਬਲਦੇਵ ਨਗਰ ਪੁਲੀਸ ਨੇ ਕੈਦੀ ਬ੍ਰਿਜਪਾਲ ਅਤੇ ਅੰਮ੍ਰਿਤਪਾਲ ਤੋਂ ਇਲਾਵਾ ਆਦਰਸ਼ ਤੇ ਨਿਸ਼ਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰਾਜੀਵ ਕੁਮਾਰ ਨੇ ਦੱਸਿਆ ਹੈ ਕਿ 4 ਮਈ ਨੂੰ ਜੇਲ੍ਹ ਬੰਦੀ ਬ੍ਰਿਜਪਾਲ ਦੀ ਮੁਲਾਕਾਤ ਲਈ ਨੀਲੋਖੇੜੀ ਤੋਂ ਆਦਰਸ਼ ਆਇਆ ਸੀ ਪਰ ਮੁਲਾਕਾਤ ਨਾ ਹੋ ਸਕੀ ਅਤੇ ਉਹ ਬੰਦੀ ਲਈ ਸਮਾਨ ਦੇ ਕੇ ਚਲਾ ਗਿਆ ਜੋ ਜੇਲ੍ਹ ਪ੍ਰਸ਼ਾਸਨ ਵੱਲੋਂ 24 ਘੰਟਿਆਂ ਲਈ ਸੈਨੇਟਾਈਜ਼ ਕਰ ਕੇ ਰੱਖ ਦਿੱਤਾ ਗਿਆ। ਕੱਲ੍ਹ ਸ਼ਾਮ ਜਦੋਂ ਸਾਮਾਨ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿਚ ਇਕ ਜੋੜਾ ਚੱਪਲਾਂ ਦਾ ਹੋਣ ’ਤੇ ਸ਼ੱਕ ਪੈ ਗਿਆ। ਜਦੋਂ ਚਾਕੂ ਨਾਲ ਕੱਟ ਕੇ ਚੈਕਿੰਗ ਕੀਤੀ ਗਈ ਤਾਂ ਚੱਪਲਾਂ ਵਿੱਚੋਂ 7 ਪੈਕਟਾਂ ਵਿਚ ਲਿਪਟੀ ਹੋਈ 32 ਗਰਾਮ 600 ਮਿਲੀਗਾਰਮ ਹੈਰੋਇਨ ਮਿਲੀ। ਇਸੇ ਤਰ੍ਹਾਂ ਨੀਲੋਖੇੜੀ ਤੋਂ ਹੀ ਨਿਸ਼ਾ ਆਪਣੇ ਪਤੀ ਬੰਦੀ ਅੰਮ੍ਰਿਤਪਾਲ ਨਾਲ ਮਿਲਣ ਆਈ ਕੁਝ ਸਮਾਨ ਦੇ ਕੇ ਚਲੀ ਗਈ।ਕੱਲ੍ਹ ਜਦੋਂ ਇਸ ਸਾਮਾਨ ਦੀ ਚੈਕਿੰਗ ਕੀਤੀ ਗਈ ਤਾਂ ਇਸ ਵਿੱਚੋਂ ਵੀ ਚੱਪਲਾਂ ਦਾ ਜੋੜਾ ਨਿਕਲਿਆ ਜਿਸ ਨੂੰ ਚੈਕ ਕਰਨ ’ਤੇ 8 ਪੈਕਟਾਂ ਵਿੱਚੋਂ 35 ਗਰਾਮ 600 ਮਿਲੀਗਰਾਮ ਹੈਰੋਇਨ ਬਰਾਮਦ ਹੋਈ।