ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਜਨਵਰੀ
ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਇਥੋਂ ਦੇ ਥਾਣੇ ਵਿੱਚ ਅਚਨਚੇਤ ਚੈਕਿੰਗ ਦੌਰਾਨ ਥਾਣੇ ਵਿਚ ਲੰਮੇ ਸਮੇਂ ਤੋਂ ਪਏ ਕੇਸਾਂ ’ਤੇ ਕਾਰਵਾਈ ਨਾ ਕਰਨ ਅਤੇ ਜਾਂਚ ਵਿਚ ਲਾਪ੍ਰਵਾਹੀ ਵਰਤਣ ’ਤੇ ਥਾਣੇ ਦੇ ਐੱਸਐੱਚਓ, ਸਬ-ਇੰਸਪੈਕਟਰ ਅਤੇ ਇਕ ਏਐੱਸਆਈ ਨੂੰ ਸਸਪੈਂਡ ਕਰਨ ਦੇ ਹੁਕਮ ਦਿੱਤੇ ਹਨ। ਗ੍ਰਹਿ ਮੰਤਰੀ ਅਨਿਲ ਵਿਜ ਨੇ ਥਾਣੇ ਦਾ ਅਚਾਨਕ ਨਿਰੀਖਣ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸ਼ਾਹਬਾਦ ਥਾਣੇ ਵਿਚ ਛਾਪਾ ਮਾਰਿਆ ਅਤੇ ਖੁਦ ਥਾਣੇ ਦੀ ਅਲਮਾਰੀ ਖੋਲ੍ਹ ਕੇ ਫਾਈਲਾਂ ਨੂੰ ਖੰਗਾਲਿਆ। ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀਆਂ ਤੋਂ ਥਾਣੇ ਵਿਚ ਲੰਬਿਤ ਕੇਸਾਂ ਦੀ ਰਿਪੋਰਟ ਤਲਬ ਕੀਤੀ। ਇਸ ਦੌਰਾਨ ਫਾਈਲਾਂ ਦੇ ਜਾਂਚਨ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਕਿ ਸ਼ਾਹਬਾਦ ਥਾਣੇ ਵਿਚ ਕਈ ਕੇਸ 6 ਮਹੀਨੇ ਤੋਂ ਲੈ ਕੇ 3 ਸਾਲ ਤੱਕ ਦੇ ਬਿਨਾਂ ਕਾਰਵਾਈ ਤੋਂ ਪਏ ਸਨ। ਜਿਸ ਨੂੰ ਲੈ ਕੇ ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਫਟਕਾਰ ਵੀ ਲਾਈ। ਉਨ੍ਹਾਂ ਨੇ ਜ਼ਿਲ੍ਹਾ ਪੁਲੀਸ ਕਪਤਾਨ ਨੂੰ ਆਗਾਮੀ 15 ਦਿਨਾਂ ਵਿੱਚ ਪੈਂਡਿੰਗ ਪਏ ਕੇਸਾਂ ਦੀ ਰਿਪੋਰਟ ਪੇਸ਼ ਕਰਨ ਦੇ ਨਾਲ-ਨਾਲ ਇਕ-ਇਕ ਕੇਸ ਦੀ ਜਾਂਚ ਕਰਨ ਦੇ ਸਖਤ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਥਾਣੇ ਵਿਚ ਕਈ ਕੇਸ ਪੈਂਡਿੰਗ ਪਏ ਸਨ ਤੇ ਬਹੁਤ ਸਾਰੀਆਂ ਦਰਖਾਸਤਾਂ ਦੇ ਕੇਸ ਦਰਜ ਨਹੀਂ ਹੋਏ, ਜੋ ਕੇਸ ਦਰਜ ਹੋਏ ਹਨ, ਉਨ੍ਹਾਂ ’ਤੇ ਨਿਯਮਾਂ ਮੁਤਾਬਕ ਕਾਰਵਾਈ ਨਹੀਂ ਹੋਈ। ਉਨ੍ਹਾਂ ਝਾੜ ਪਾਉਂਦਿਆਂ ਕਿਹਾ ਕਿ ਜੇ ਕੋਈ ਅਧਿਕਾਰੀ ਲਾਪ੍ਰਵਾਹੀ ਵਰਤੇਗਾ ਤਾਂ ਉਸ ਨੂੰ ਕਿਸੇ ਸੂਰਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ।