ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 27 ਜੂਨ
ਸਮਾਜ ਸੇਵੀ ਭੂਮਨਿਊ ਸ਼ਰਮਾ ਤੇ ਵਿਵੇਕ ਰੋਹਿਲਾ ਨੇ ਅੱਜ ਦਰੋਣਾਚਾਰੀਆ ਸਟੇਡੀਅਮ ਵਿੱਚ ਹਾਕੀ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਉਪਰੰਤ ਉਨ੍ਹਾਂ ਨੇ ਕਿਹਾ ਕਿ ਖੇਡ ਹੁਨਰ ਨੂੰ ਨਿਖਾਰਨ ਤੇ ਉਨ੍ਹਾਂ ਨੂੰ ਖੇਡ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਅੱਜ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਨੌਜਵਾਨਾਂ ਦੇ ਉਜਵਲ ਭਵਿੱਖ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿਚ ਆਪਣਾ ਭਵਿੱਖ ਬਣਾਉਣ ਲਈ ਖੇਡ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਲਈ ਹਰ ਕਿਸੇ ਨੂੰ ਜਿੱਤ ਜਾਂ ਹਾਰ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਸ਼ਮੂਲੀਅਤ ਦਰਜ ਕਰਾਉਣੀ ਚਾਹੀਦੀ ਹੈ। ਮੁੱਖ ਹਾਕੀ ਕੋਚ ਗੁਰਵਿੰਦਰ ਸਿੰਘ ਨੇ ਖਿਡਾਰੀਆਂ ਨੂੰ ਕਿੱਟਾਂ ਦੇਣ ਲਈ ਸਮਾਜ ਸੇਵੀ ਭੁਪਿੰਦਰ ਸਿੰਘ ਤੇ ਸਾਵਨ ਮੋਰਖੀ ਦਾ ਵੀ ਧੰਨਵਾਦ ਕੀਤਾ