ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 11 ਦਸੰਬਰ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ, ਭਾਈ ਗਗਨਦੀਪ ਸਿੰਘ ਅਤੇ ਜਗਜੀਤ ਸਿੰਘ ਦਰਦੀ ਦੇ ਜੱਥਿਆਂ ਨੂੰ ਜੀਟੀ ਰੋਡ ਉਮਰੀ ਵਿੱਚ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਸਾਰੇ ਸਿੱਖ ਪੰਥ ਦੇ ਪ੍ਰਸਿੱਧ ਰਾਗੀ ਹਨ ਅਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨ ਲਈ ਕੁੰਡਲੀ ਸਰਹੱਦ ’ਤੇ ਗਏ ਹਨ। ਐੱਸਜੀਪੀਸੀ ਕਾਰਜਕਾਰੀ ਕਮੇਟੀ ਮੈਂਬਰ ਜੱਥੇਦਾਰ ਹਰਭਜਨ ਸਿੰਘ ਮਸਾਨਾ, ਸ਼੍ਰੋਮਣੀ ਅਕਾਲੀ ਦਲ ਹਰਿਆਣਾ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਣਾ, ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਸੂਬਾਈ ਬੁਲਾਰੇ ਕਵਲਜੀਤ ਸਿੰਘ, ਸ੍ਰੀ ਅਕਾਲ ਉਸਤਤ ਚੈਰੀਟੇਬਲ ਟਰੱਸਟ ਕੁਰੂਕਸ਼ੇਤਰ ਦੇ ਚੇਅਰਮੈਨ ਗਿਆਨੀ ਤੇਜਪਾਲ ਸਿੰਘ ਜੀਟੀ ਰੋਡ ਉਮਰੀ ਵਿੱਚ ਉਨ੍ਹਾਂ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ। ਸੂਬਾ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਨਾ ਨੇ ਕਿਹਾ ਕਿ ਵਿਰੋਧ ਕਰ ਰਹੇ ਇਨ੍ਹਾਂ ਕਿਸਾਨਾਂ ਦਾ ਹਰ ਵਰਗ ਨੂੰ ਸਮਰਥਨ ਕਰਨਾ ਚਾਹੀਦਾ ਹੈ। ਜਥੇਦਾਰ ਹਰਭਜਨ ਸਿੰਘ ਮਸਾਣਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੂੰ ਆਪਣੇ ਰਵੱਈਏ ਵਿੱਚ ਬਦਲਾਓ ਕਰਨਾ ਪਏਗਾ, ਕਿਉਂਕਿ ਹਰ ਵਰਗ ਇਸ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ। ਸੂਬਾਈ ਬੁਲਾਰੇ ਕਵਲਜੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਦਰਦ ਨੂੰ ਸਮਝਦਾ ਹੈ। ਇਸ ਮੌਕੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਸ਼ਹਿਰੀ ਪ੍ਰਧਾਨ ਤਜਿੰਦਰ ਸਿੰਘ ਮੱਕੜ, ਗੁਰੂਦੁਆਰਾ ਸ਼੍ਰੀ ਬੇਕੁੰਠ ਧਾਮ ਸੇਵਾ ਟਰੱਸਟ ਦੇ ਚੇਅਰਮੈਨ ਲਖਵਿੰਦਰ ਸਿੰਘ ਸੰਧੂ, ਪ੍ਰਤਾਪ ਸਿੰਘ ਵਿਰਕ, ਆਜ਼ਾਦ ਸਿੰਘ, ਹਰਵਿੰਦਰ ਸਿੰਘ ਚੀਮਾ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਮਹਿੰਦਰ ਸਿੰਘ ਸਮੇਤ ਸੰਗਤ ਹਾਜ਼ਰ ਸੀ।