ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਅਪਰੈਲ
ਲਾਡਵਾ ਦੇ ਸਾਬਕਾ ਵਿਧਾਇਕ ਤੇ ਭਾਜਪਾ ਨੇਤਾ ਡਾ. ਪਵਨ ਸੈਣੀ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਨਿੰਦਾ ਕਰਦਿਆਂ ਕਿਹਾ ਕਿ ਹੁੱਡਾ ਕਿਸਾਨ ਹਿਤੈਸ਼ੀ ਹੋਣ ਦਾ ਢੌਂਗ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਪਹਿਲਾਂ ਉਨ੍ਹਾਂ ਨੂੰ ਜੁਆਬ ਦੇਣ ਕਿ ਉਨ੍ਹਾਂ ਆਪਣੇ ਕਾਰਜ ਕਾਲ ਦੌਰਾਨ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਤੇ ਹੁੱਡਾ ਕਮੇਟੀ ਦੀਆ ਸਿਫਾਰਸ਼ਾਂ ਨੂੰ ਲਾਗੂ ਕਿਉਂ ਨਹੀਂ ਕੀਤਾ। ਡਾ. ਸੈਣੀ ਅੱਜ ਬਾਬੈਨ ਵਿਚ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਪਣੇ ਕਾਰਜ ਕਾਲ ਵਿਚ ਹੁੱਡਾ 10 ਸਾਲ ਤਕ ਕਮੇਟੀ ਦੇ ਚੇਅਰਮੈਨ ਰਹੇ ਪਰ ਸਿਫਾਰਸ਼ਾਂ ਲਾਗੂ ਕਰਨ ਵਿਚ ਅਸਫਲ ਰਹੇ। ਅੱਜ ਉਹ ਕਿਸ ਮੂੰਹ ਨਾਲ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ 10 ਸਾਲਾਂ ਦੇ ਸਾਸ਼ਨ ਵਿਚ ਕਿਸਾਨਾਂ ਨੂੰ ਮੁਆਵਜ਼ੇ ਵਜੋਂ ਦੋ, ਦੋ , ਪੰਜ,ਪੰਜ ਤੇ 10 ਰੁਪਏ ਦੇ ਚੈਕ ਦਿੱਤੇ। ਕਿਸਾਨਾਂ ਨੇ ਚੈਕਾਂ ਨੂੰ ਸਾੜਿਆ ਸੀ। ਅੱਜ ਹੁੱਡਾ ਕਿਸਾਨ ਹਿਤੈਸ਼ੀ ਹੋਣ ਦਾ ਢੋਂਗ ਕਰ ਕੇ ਸੂਬੇ ਦੀਆਂ ਮੰਡੀਆਂ ਵਿਚ ਘੁੰਮ ਰਹੇ ਹਨ। ਕਿਸਾਨਾਂ ਦੇ ਮੁੱਦਿਆਂ ਉੱਤੇ ਆਪਣੀਆਂ ਰਾਜਸੀ ਰੋਟੀਆਂ ਸੇਕ ਰਹੇ ਹਨ।