ਪੱਤਰ ਪ੍ਰੇਰਕ
ਡੱਬਵਾਲੀ, 28 ਅਕਤੂਬਰ
ਜ਼ਿਲ੍ਹਾ ਸਿਰਸਾ ਪੁਲੀਸ ਅਤੇ ਪ੍ਰਸ਼ਾਸਨ ਨੇ ਡੱਬਵਾਲੀ ਸਬ ਡਿਵੀਜ਼ਨ ਦੇ ਪਿੰਡ ਗੰਗਾ ਵਿਖੇ ਨਸ਼ਾ ਤਸਕਰ ਨਿਰਮਲ ਵੱਲੋਂ ਪੰਚਾਇਤੀ ਜ਼ਮੀਨ ਦੇ 200 ਗਜ਼ ਰਕਬੇ ’ਤੇ ਨਾਜਾਇਜ਼ ਕਬਜ਼ਾ ਕਰਕੇ ਬਣਾਏ ਹੋਏ ਮਕਾਨ ਨੂੰ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ। ਫਿਲਹਾਲ ਨਿਰਮਲ ਪੁੱਤਰ ਰਾਧਾ ਕ੍ਰਿਸ਼ਨ ਸਿਰਸਾ ਜੇਲ੍ਹ ਵਿੱਚ ਬੰਦ ਹੈ। ਪ੍ਰਸ਼ਾਸਨ ਨੇ ਇਸ ਕਾਰਵਾਈ ਨੂੰ ਪੰਚਾਇਤੀ ਚੋਣਾਂ ਲਈ ਆਦਰਸ਼ ਚੋਣ ਜ਼ਾਬਤੇ ਦੇ ਮੱਦੇਨਜ਼ਰ ਚੋਣ ਕਮਿਸ਼ਨ ਤੋਂ ਬਕਾਇਦਾ ਇਜਾਜ਼ਤ ਲੈ ਕੇ ਨੇਪਰੇ ਚਾੜ੍ਹਿਆ। ਸਮੁੱਚੀ ਕਾਰਵਾਈ ਕਾਲਾਂਵਾਲੀ ਦੇ ਡੀਐਸਪੀ ਯਾਦਰਾਮ ਅਤੇ ਡੱਬਵਾਲੀ ਦੇ ਬੀਡੀਪੀਓ ਰਾਜ ਸਿੰਘ ਦੀ ਅਗਵਾਈ ਕੀਤੀ ਗਈ। ਜ਼ਿਲ੍ਹੇ ਭਰ ਦੇ ਥਾਣਿਆਂ ਸਦਰ ਡੱਬਵਾਲੀ, ਸਿਟੀ ਡੱਬਵਾਲੀ, ਰੋਡੀ, ਕਾਲਾਂਵਾਲੀ, ਓਢਾਂ ਅਤੇ ਪੁਲਿਸ ਲਾਈਨ ਸਿਰਸਾ ਤੋਂ ਪੁਲਿਸ ਮੁਲਾਜਮਾਂ ਅਤੇ ਮਹਿਲਾ ਪੁਲੀਸ ਮੁਲਾਜ਼ਮਾਂ ਦੀਆਂ ਟੀਮਾਂ ਸ਼ਾਮਲ ਕੀਤੀਆਂ ਗਈਆਂ। ਨਾਇਬ ਤਹਿਸੀਲਦਾਰ ਰਾਜੇਸ਼ ਕੁਮਾਰ ਨੂੰ ਡਿਊਟੀ ਮਜਿਸਟਰੇਟ ਦੀ ਨਿਗਰਾਨੀ ਹੇਠ ਕਬਜ਼ਾ ਹਟਾਊ ਮੁਹਿੰਮ ਨੂੰ ਪੁਲਿਸ ਫੋਰਸ ਦੀ ਮੱਦਦ ਨਾਲ ਸਾਂਤੀਪੂਰਵਕ ਅੰਜਾਮ ਦਿੱਤਾ ਗਿਆ।