ਪੱਤਰ ਪ੍ਰੇਰਕ
ਟੋਹਾਣਾ, 16 ਅਕਤੂਬਰ
ਜਾਖਲ ਨਗਰ ਕੌਂਸਲ ਦੀ ਬਾਜ਼ੀਗਰ ਬਸਤੀ ਵਿੱਚ ਰਹਿੰਦੇ ਦੋ ਭਰਾਵਾਂ ’ਤੇ ਨਸ਼ਾ ਤਸਕਰੀ ਦੇ ਦੋਸਾਂ ਹੇਠ ਅਧਿਕਾਰੀਆਂ ਨੇ ਉਨ੍ਹਾਂ ਦੇ ਮਕਾਨਾਂ ’ਤੇ ਜੇਸੀਬੀ ਚਲਾ ਕੇ ਢਹੀ-ਢੇਰੀ ਕਰ ਦਿੱਤੇ। ਕਾਰਵਾਈ ਦੀ ਨਿਗਰਾਨੀ ਡਿਊਟੀ ਮੈਜਿਸਟਰੇਟ ਸੰਦੀਪ ਭਾਰਦਵਾਜ, ਨਗਰ ਕੌਂਸਲ ਸਕੱਤਰ ਮਹਾਂਬੀਰ ਤੋਂ ਇਲਾਵਾ ਪੁਲੀਸ, ਬਿਜਲੀ ਵਿਭਾਗ, ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕੀਤੀ। ਬਾਜ਼ੀਗਰ ਬਸਤੀ ਦੇ ਦੋ ਸਕੇ ਭਰਾ ਜਸਬੀਰ ਤੇ ਰਣਜੀਤ ਦੇ ਮਕਾਨਾਂ ਢਾਹੁਣ ਸਬੰਧੀ ਸੱਤ ਦਿਨ ਪਹਿਲਾਂ ਨੋਟਿਸ ਦਿੱਤਾ ਗਿਆ ਸੀ। ਡਿਊਟੀ ਮੈਜਿਸਟਰੇਟ ਸੰਦੀਪ ਭਾਰਦਵਾਜ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਹੁਕਮ ਆਇਆ ਕਿ ਦੋ ਭਰਾਵਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਕੋਠੀਆਂ ਬਣਾਈਆਂ ਹਨ। ਪੁਲੀਸ ਅਧਿਕਾਰੀ ਮੁਤਾਬਿਕ ਦੋਵੇਂ ਸਕੇ ਭਰਾਵਾਂ ਵਿਰੁੱਧ 14-14 ਨਸ਼ਾ ਤਸਕਰੀ ਦੇ ਕੇਸ ਦਰਜ ਹਨ।