ਨਿਜੀ ਪੱਤਰ ਪ੍ਰੇਰਕ
ਅੰਬਾਲਾ, 24 ਜੁਲਾਈ
ਲੰਘੀ ਰਾਤ ਅੰਬਾਲਾ-ਹਿਸਾਰ ਸੜਕ ਤੇ ਨੱਗਲ ਕੋਲ ਵਾਪਰੇ ਹਾਦਸੇ ਵਿਚ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਮੌਤ ਹੋ ਗਈ। ਨੱਗਲ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਚੈਨ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਇਸਮਾਈਲਾਬਾਦ ਨੇ ਦੱਸਿਆ ਕਿ ਉਸ ਦਾ ਲੜਕਾ ਵਿਕਰਮਜੀਤ ਸਿੰਘ (34) ਅਤੇ ਨੂੰਹ ਕਾਜਲ ਸੈਣੀ (28) ਅੰਬਾਲਾ ਸ਼ਹਿਰ ਸਥਿਤ ਨਿਜੀ ਕੰਪਨੀ ਵਿਚ ਕੰਮ ਕਰਦੇ ਸਨ ਅਤੇ ਉੱਥੇ ਹੀ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। ਕੱਲ੍ਹ 23 ਜੁਲਾਈ ਦੀ ਰਾਤ ਨੂੰ ਉਹ ਦੋਵੇਂ ਇਸਮਾਈਲਾਬਾਦ ਤੋਂ ਮੋਟਰ ਸਾਈਕਲ ਤੇ ਅੰਬਾਲਾ ਸ਼ਹਿਰ ਜਾ ਰਹੇ ਸਨ। ਨੱਗਲ ਕੋਲ ਹਾਈਵੇਅ ਦਾ ਰਸਤਾ ਕਿਸੇ ਖ਼ਰਾਬੀ ਕਰ ਕੇ ਵਨ ਵੇ ਕੀਤਾ ਹੋਇਆ ਸੀ। ਰਾਤ ਕਰੀਬ 11.30 ਵਜੇ ਜਦੋਂ ਉਹ ਨੱਗਲ ਦੇ ਓਵਰ ਬ੍ਰਿਜ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਮਹਿੰਦਰਾ ਬੋਲੈਰੋ ਪਿਕਅੱਪ ਚਾਲਕ ਨੇ ਵਿਕਰਮਜੀਤ ਸਿੰਘ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਦੋਹਾਂ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਪਹੁੰਚਾਇਆ ਗਿਆ ਜਿੱਥੇ ਡਾਕਟਰ ਨੇ ਜਾਂਚ ਤੋਂ ਬਾਅਦ ਵਿਕਰਮਜੀਤ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਉਸ ਦੀ ਪਤਨੀ ਕਾਜਲ ਸੈਣੀ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਪ੍ਰੰਤੂ ਉਸ ਦੀ ਰਾਹ ਵਿਚ ਹੀ ਮੌਤ ਹੋ ਗਈ। ਪੁਲੀਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ (ਟਨਸ): ਇੱਥੋਂ ਦੇ ਸੈਕਟਰ 43/44 ਵਾਲੇ ਲਾਈਟ ਪੁਆਇੰਟ ’ਤੇ ਜੀਪ ਦੀ ਚਪੇਟ ਵਿੱਚ ਆਉਣ ਨਾਲ ਐਕਟਿਵਾ ਸਵਾਰ ਦੋ ਜਣੇ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸੈਕਟਰ 32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੀੜਤਾਂ ਦੀ ਪਛਾਣ ਸੈਕਟਰ 78 ਮੁਹਾਲੀ ਵਿੱਚ ਰਹਿਣ ਵਾਲੀਆਂ ਔਰਤਾਂ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ 36 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੂਪਨਗਰ (ਪੱਤਰ ਪ੍ਰੇਰਕ): ਥਾਣਾ ਸਿੰਘ ਭਗਵੰਤਪੁਰਾ ਅਧੀਨ ਦੋ ਥਾਈਂ ਵਾਪਰੇ ਸੜਕ ਹਾਦਸਿਆਂ ਦੌਰਾਨ ਦੋ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ। ਤਫਤੀਸ਼ੀ ਅਧਿਕਾਰੀ ਸੁ਼ਭਾਸ਼ ਚੰਦਰ ਸ਼ਰਮਾ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਪਛਾਣ ਰਣਧੀਰ ਸਿੰਘ ਪੁੱਤਰ ਦਿਦਾਰ ਸਿੰਘ ਅਤੇ ਦੂਜੇ ਹਾਦਸਾ ਆਈ.ਟੀ.ਬੀ.ਪੀ. ਦਾ ਜਵਾਨ ਜ਼ਖ਼ਮੀ ਹੋ ਗਿਆ। ਪੁਲੀਸ ਨੇ ਜ਼ਖਮੀ ਜਵਾਨ ਦੇ ਪਿਤਾ ਕੁਲਵੰਤ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਹੈ।