ਆਤਿਸ਼ ਗੁਪਤਾ
ਚੰਡੀਗੜ੍ਹ, 1 ਸਤੰਬਰ
ਮੁੱਖ ਅੰਸ਼
- ਕੁਮਾਰੀ ਸ਼ੈਲਜਾ ਨੂੰ ਅਸਿੱਧੇ ਢੰਗ ਨਾਲ ਨਿਸ਼ਾਨੇ ’ਤੇ ਲਿਆ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਗੁਲਾਮ ਨਬੀ ਆਜ਼ਾਦ ਨਾਲ ਉਨ੍ਹਾਂ ਦੀ ਮੁਲਾਕਾਤ ’ਤੇ ਕੁਮਾਰੀ ਸ਼ੈਲਜਾ ਵੱਲੋਂ ਉਠਾਏ ਜਾ ਰਹੇ ਇਤਰਾਜ਼ ਤੋਂ ਬਾਅਦ ਅੱਜ ਕਿਹਾ ਕਿ ਉਹ ਗਾਂਧੀ ਪਰਿਵਾਰ ਨਾਲ ਪਹਿਲਾਂ ਵੀ ਖੜ੍ਹੇ ਸਨ ਤੇ ਅੱਜ ਵੀ ਖੜ੍ਹੇ ਹਨ। ਉਨ੍ਹਾਂ ਸ਼ੈਲਜਾ ਬਾਰੇ ਸਿੱਧੇ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਤਨਜ਼ ਕਸਦਿਆਂ ਕਿਹਾ ਕਿ ਕਈ ਵਾਰ ਲੋਕ ਨਿਰਾਸ਼ ਹੋ ਕੇ ਕੁਝ ਵੀ ਬੋਲ ਦਿੰਦੇ ਹਨ।
ਹੁੱਡਾ ਨੇ ਕਿਹਾ ਕਿ ਉਨ੍ਹਾਂ ਆਜ਼ਾਦ ਨੂੰ ਕਿਹਾ ਕਿ ਪਾਰਟੀ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਜਿਸ ਨਾਲ ਕਾਂਗਰਸ ਆਗੂਆਂ ਦਰਮਿਆਨ ਕੁੜੱਤਣ ਪੈਦਾ ਹੁੰਦੀ ਹੋਵੇ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਆਜ਼ਾਦ ਸਾਹਿਬ ਦਾ ਜਿੱਥੇ ਤੱਕ ਸਵਾਲ ਹੈ, ਅਸੀਂ ਇੰਨੇ ਸਾਲ ਇੱਕ ਹੀ ਪਰਿਵਾਰ ’ਚ ਰਹੇ, ਇੱਕ ਹੀ ਪਾਰਟੀ ’ਚ ਰਹੇ। ਅਸੀਂ ਕੁਝ ਮੰਗ ਰੱਖੀ ਸੀ। ਕਾਂਗਰਸ ਪ੍ਰਧਾਨ ਨੇ ਉਹ ਮੰਗ ਮੰਨ ਲਈ। ਪਾਰਟੀ ’ਚ ਚੋਣਾਂ ਹੋ ਰਹੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ (ਆਜ਼ਾਦ) ਪਾਰਟੀ ਛੱਡਣ ਦਾ ਫ਼ੈਸਲਾ ਕੀਤਾ। ਅਸੀਂ ਤਾਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਪਾਰਟੀ ਕਿਉਂ ਛੱਡ ਦਿੱਤੀ। ਕੋਈ ਕੁੜੱਤਣ ਵਾਲੀ ਗੱਲ ਨਹੀਂ ਹੋਣੀ ਚਾਹੀਦੀ।’ ਸ਼ੈਲਜਾ ਦੇ ਬਿਆਨ ਬਾਰੇ ਉਨ੍ਹਾਂ ਕਿਹਾ, ‘ਕੌਣ ਕੀ-ਕੀ ਕਹਿ ਰਿਹਾ ਹੈ, ਮੈਂ ਕੁਝ ਨਹੀਂ ਕਹਿ ਸਕਦਾ। ਕਈ ਵਾਰ ਲੋਕ ਨਿਰਾਸ਼ ਹੋ ਕੇ ਤੇ ਨਿੱਜੀ ਹਿੱਤਾਂ ਲਈ ਕੁਝ ਵੀ ਕਹਿ ਦਿੰਦੇ ਹਨ।’ ਉਨ੍ਹਾਂ 1990 ਦੇ ਦਹਾਕੇ ’ਚ ਸੋਨੀਆ ਗਾਂਧੀ ਦੇ ਅਮੇਠੀ ਦੌਰੇ ਦਾ ਜ਼ਿਕਰ ਕਰਦਿਆਂ ਕਿਹਾ, ‘ਅਸੀਂ ਇਸ ਪਰਿਵਾਰ (ਗਾਂਧੀ ਪਰਿਵਾਰ) ਨਾਲ ਪਹਿਲਾਂ ਵੀ ਖੜ੍ਹੇ ਸੀ ਤੇ ਅੱਜ ਵੀ ਖੜ੍ਹੇ ਹਾਂ।’ ਉਨ੍ਹਾਂ ਕਿਹਾ ਕਿ ਗੁਲਾਮ ਨਬੀ ਆਜ਼ਾਦ ਉਨ੍ਹਾਂ ਦੇ ਪੁਰਾਣੇ ਦੋਸਤ ਹਨ, ਜਿਸ ਕਾਰਨ ਉਹ ਮੁਲਾਕਾਤ ਕਰਨ ਗਏ ਸਨ। ਹਰਿਆਣਾ ਕਾਂਗਰਸ ਵੱਲੋਂ 4 ਸਤੰਬਰ ਨੂੰ ਦਿੱਲੀ ਵਿੱਚ ਕੀਤੀ ਜਾਣ ਵਾਲੀ ‘ਹੱਲਾ ਬੋਲ’ ਰੈਲੀ ਦੀਆਂ ਤਿਆਰੀਆਂ ਸਬੰਧੀ ਉਨ੍ਹਾਂ ਕਿਹਾ ਕਿ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਦਿੱਲੀ ਪਹੁੰਚਣਗੇ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਉਨ੍ਹਾਂ ਨਾਲ ਜੀ-23 ਦੇ ਮੈਂਬਰ ਆਨੰਦ ਸ਼ਰਮਾ ਤੇ ਪ੍ਰਿਥਵੀਰਾਜ ਨੇ ਦੋ ਦਿਨ ਪਹਿਲਾਂ ਗੁਲਾਮ ਨਬੀ ਆਜ਼ਾਦ ਦੀ ਦਿੱਲੀ ਵਿਚਲੀ ਰਿਹਾਇਸ਼ ’ਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।
ਕੁਮਾਰੀ ਸ਼ੈਲਜਾ ਨੇ ਹਾਈ ਕਮਾਂਡ ਨੂੰ ਲਿਖਿਆ ਸੀ ਪੱਤਰ
ਹਰਿਆਣਾ ਕਾਂਗਰਸ ਦੀ ਸਾਬਕਾ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਪਾਰਟੀ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਉਹ ਹੁੱਡਾ ਤੋਂ ਇਸ ਮਾਮਲੇ ’ਚ ਜਵਾਬ ਮੰਗੇ। ਉਨ੍ਹਾਂ ਪਾਰਟੀ ਦੀ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਤੇ ਸੂਬਾ ਇੰਚਾਰਜ ਵਿਵੇਕ ਬਾਂਸਲ ਨੂੰ ਪੱਤਰ ਲਿਖ ਕੇ ਹੁੱਡਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਹੈ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ਪਾਰਟੀ ਦੇ ਸੀਨੀਅਰ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਲਈ ਅਪਸ਼ਬਦ ਵਰਤ ਰਹੇ ਹਨ। ਇਸ ਤੋਂ ਇਲਾਵਾ ਉਹ ਪਾਰਟੀ ਦੇ ਸੀਨੀਅਰ ਆਗੂਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਅਜਿਹੇ ਹਾਲਾਤ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਗੁਲਾਮ ਨਬੀ ਆਜ਼ਾਦ ਨਾਲ ਮੁਲਾਕਾਤ ਕਰਨਾ ਗਲਤ ਹੈ।