ਪ੍ਰਭੂ ਦਿਆਲ
ਸਿਰਸਾ, 29 ਜੁਲਾਈ
ਸਾਧਵੀ ਨਾਲ ਜਬਰ-ਜਨਾਹ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਮਾਮਲੇ ’ਚ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੀ ਮਾਂ ਨੂੰ ਚਿੱਠੀ ਲਿਖੀ ਹੈ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚਿੱਠੀ ਵਿਚ ਜਿੱਥੇ ਡੇਰਾ ਮੁਖੀ ਨੇ ਆਪਣੀ ਮਾਂ ਨੂੰ ਸਿਹਤ ਦਾ ਧਿਆਨ ਰੱਖਣ ਦੀ ਹਦਾਇਤ ਕੀਤੀ ਹੈ, ਉੱਥੇ ਹੀ ਆਸ ਵੀ ਪ੍ਰਗਟਾਈ ਹੈ ਕਿ ਜੇ ਪਰਮਾਤਮਾ ਨੇ ਚਾਹਿਆ ਤਾਂ ਉਹ ਜਲਦੀ ਬਾਹਰ ਆ ਕੇ ਖ਼ੁਦ ਉਨ੍ਹਾਂ ਦਾ ਇਲਾਜ ਕਰਵਾਉਣਗੇ। ਚਿੱਠੀ ਵਿਚ ਗੁਰਮੀਤ ਰਾਮ ਰਹੀਮ ਸਿੰਘ ਨੇ ਲਿਖਿਆ ਹੈ ਕਿ ਉਹ ਤਾਉਮਰ ਡੇਰਾ ਮੁਖੀ ਬਣ ਕੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।
ਡੇਰਾ ਮੁਖੀ ਵੱਲੋਂ ਚਿੱਠੀ ਵਿਚ ਪਰਿਵਾਰ ਦੇ ਜੀਆਂ ਦੇ ਨਾਲ-ਨਾਲ ਗੋਦ ਲਈ ਧੀ ਹਨੀਪ੍ਰੀਤ, ਡੇਰੇ ਦੇ ਸ਼ਰਧਾਲੂਆਂ ਅਤੇ ਪ੍ਰਬੰਧਕਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਚਿੱਠੀ ਵਿਚ ਜਿੱਥੇ ਸ਼ਰਧਾਲੂਆਂ ਨੂੰ ਸਰਕਾਰ ਵੱਲੋਂ ਕਰੋਨਾ ਨਾਲ ਨਜਿੱਠਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਗੱਲ ਕਹੀ ਗਈ ਹੈ, ਉੱਥੇ ਹੀ ਉਨ੍ਹਾਂ ਨੂੰ ਖ਼ੂਨਦਾਨ ਤੇ ਭਲਾਈ ਦੇ ਕੰਮ ਜਾਰੀ ਰੱਖਣ ਦੀ ਹਦਾਇਤ ਵੀ ਕੀਤੀ ਗਈ ਹੈ। ਡੇਰੇ ਵਿਚ ਗੁੱਟਬਾਜ਼ੀ ਦੇ ਸਵਾਲਾਂ ਦਾ ਵੀ ਜਵਾਬ ਦਿੱਤਾ ਗਿਆ ਹੈ।