ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 31 ਅਗਸਤ
ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਹਰਿਆਣਾ ਰਾਸ਼ਟਰਵਾਦੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਬਾਦਸ਼ਾਹ ਖਾਨ ਚੌਕ ਵਿਚ ਮੀਂਹ ਦੇ ਬਾਵਜੂਦ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ ਕੁੱਟਣ ਦੇ ਹੁਕਮ ਦੇਣ ਵਾਲੇ ਅਧਿਕਾਰੀ ਆਯੂਸ਼ ਸਿਨਹਾ ਅਤੇ ਮੁੱਖ ਮੰਤਰੀ ਮਨੋਹਰ ਲਾਲ ਦਾ ਪੁਤਲਾ ਸਾੜਿਆ। ਇਸ ਪ੍ਰਦਰਸ਼ਨ ਦੀ ਅਗਵਾਈ ਹਰਿਆਣਾ ਰਾਸ਼ਟਰਵਾਦੀ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਜਗਜੀਤ ਕੌਰ ਪੰਨੂ ਨੇ ਕੀਤੀ।
ਇਸ ਮੌਕੇ ਜਗਜੀਤ ਕੌਰ ਪੰਨੂ ਨੇ ਕਿਹਾ ਕਿ ਟੌਲ ਪਲਾਜ਼ਾ ’ਤੇ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ‘ਤੇ ਪੁਲੀਸ ਨੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਤੇ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਅਧਿਕਾਰੀ ਜਿਸ ਨੂੰ ਸ਼ਾਂਤੀਪੂਰਨ ਢੰਗ ਨਾਲ ਚਲਾਇਆ ਜਾਣਾ ਚਾਹੀਦਾ ਸੀ ਨੇ ਪੁਲੀਸ ਨੂੰ ਕਿਸਾਨਾਂ ਨੂੰ ਕੁੱਟਣ ਦੇ ਨਿਰਦੇਸ਼ ਦਿੱਤੇ ਭਾਵੇਂ ਉਨ੍ਹਾਂ ਦੇ ਸਿਰ ਜਾਂ ਉਨ੍ਹਾਂ ਦੇ ਹੱਥ ਕੁੱਟੇ ਜਾਣ। ਉਨ੍ਹਾਂ ਨੇ ਰਾਜ ਦੇ ਰਾਜਪਾਲ ਤੋਂ ਮੰਗ ਕੀਤੀ ਕਿ ਅਜਿਹੇ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਰਾਜ ਸਰਕਾਰ ਨੂੰ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ। ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਲੈ ਕੇ ਤੇ ਉਨ੍ਹਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਹਰਵੀਨ ਕੌਰ ਪੰਨੂ, ਕੇਵਲ ਸਿੰਘ, ਵਿੱਕੀ ਸਲੂਜਾ, ਮਨਜੀਤ ਸਿੰਘ, ਇਕਵਾਲ ਸਿੰਘ, ਸੰਤਰਾਮ ਡਾਗਰ, ਰਿਹਾਸੂਦੀਨ ਖਾਨ, ਰਣਧੀਰ ਸਿੰਘ, ਅੰਮ੍ਰਿਤਪਾਲ ਸਿੰਘ, ਜਸਕੌਰ ਤੇ ਹੋਰ ਮੌਜੂਦ ਸਨ।