ਨਿੱਜੀ ਪੱਤਰ ਪ੍ਰੇਰਕ
ਸਿਰਸਾ, 28 ਦਸੰਬਰ
ਇੱਥੋਂ ਦੀ ਸੀਆਈਏ ਪੁਲੀਸ ਨੇ ਨਾਜਾਇਜ਼ ਅਸਲਾ ਬਰਾਮਗੀ ਮਾਮਲੇ ’ਚ ਰਿਮਾਂਡ ਉੱਤੇ ਲਏ ਗਏ ਮੁੱਖ ਸਰਗਨਾ ਇਸਤਾਕ ਅਹਿਮਦ ਵਾਸੀ ਬਾਜ਼ਾਰ ਮੁਹੱਲਾ ਬਹੇੜੀ ਜ਼ਿਲ੍ਹਾ ਬਰੇਲੀ, ਉੱਤਰ ਪ੍ਰਦੇਸ਼ ਦੀ ਨਿਸ਼ਾਨਦੇਹੀ ’ਤੇ ਨਾਜਾਇਜ਼ ਅਸਲਾ ਬਣਾਉਣ ਦੀ ਫੈਕਟਰੀ ਦਾ ਪਰਦਾਫਾਸ਼ ਕਰਕੇ ਭਾਰੀ ਮਾਤਰਾ ’ਚ ਅਸਲਾ ਬਣਾਉਣ ਵਾਲੇ ਪੁਰਜੇ ਬਰਾਮਦ ਕੀਤੇ ਹਨ। ਇਸ ਸਬੰਧੀ ਸੀਆਈਏ ਸਿਰਸਾ ਦੇ ਮੁਖੀ ਨਰੇਸ਼ ਕੁਮਾਰ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਸਹਾਇਕ ਉਪ ਨਿਰੀਖਕ ਅਵਤਾਰ ਸਿੰਘ ਤੇ ਮਹਿੰਦਰ ਸਿੰਘ ਦੀ ਅਗਵਾਈ ਵਿੱਚ ਗਈ ਇੱਕ ਪੁਲੀਸ ਟੀਮ ਨੇ ਮੁਲਜ਼ਮ ਇਸਤਾਕ ਅਹਿਮਦ ਦੇ ਪਿੰਡ ਬਹੇੜੀ ਖੇਤਰ ਤੋਂ ਨਾਜਾਇਜ਼ ਅਸਲਾ ਬਣਾਉਣ ਦੀ ਫੈਕਟਰੀ ਫੜ੍ਹੀ ਹੈ ਤੇ ਵੱਡੀ ਮਾਤਰਾ ’ਚ ਅਸਲਾ ਬਣਾਉਣ ਵਾਲੇ ਪੁਰਜੇ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਪੁਰਜਿਆਂ ਵਿੱਚ ਨਾਜਾਇਜ਼ ਪਿਸਤੌਲ ਦੇ 19 ਬੱਟ, 10 ਬੈਰਲ, 19 ਸਪ੍ਰਿੰਗ, 20 ਪੇਚ, 3 ਟਰਾਈਗਰ, ਇੱਕ ਅਧੂਰਾ ਬਣਿਆ ਪਿਸਤੌਲ ਤੇ ਹੋਰ ਸਾਮਾਨ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਦੋ ਹੋਰ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਜਿਨ੍ਹਾਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇਗਾ।