ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 7 ਅਗਸਤ
ਬਲਾਕ ਬਾਬੈਨ ਦੇ ਪਿੰਡ ਬੀੜ ਕਾਲਵਾ ਦੇ ਖੇਡ ਸਟੇਡੀਅਮ ਦੀ ਜ਼ਮੀਨ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੇ ਜੇਸੀਬੀ ਨਾਲ ਹਟਾ ਦਿੱਤਾ ਹੈ। ਬੀਡੀਪੀਓ ਬਾਬੈਨ ਯੋਗੇਸ਼ ਕੁਮਾਰ ਤੇ ਗਰਾਮ ਸਕੱਤਰ ਜਤਿੰਦਰ ਸਿੰਘ ਦੀ ਦੇਖ ਰੇਖ ਵਿੱਚ ਚਲਾਈ ਗਈ ਇਸ ਮੁਹਿੰਮ ਤਹਿਤ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਇਸ ਦੇ ਮੱਦੇਨਜ਼ਰ ਕਾਫ਼ੀ ਪੁਲੀਸ ਬਲ ਤਾਇਨਾਤ ਕੀਤੇ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਬਾਬੈਨ ਬਲਾਕ ਦੇ ਪਿੰਡ ਬੀਡ ਕਾਲਵਾ ਵਿਚ ਸਟੇਡੀਅਮ ਦੀ ਜ਼ਮੀਨ ’ਤੇ ਕੁਝ ਵਿਅਕਤੀਆਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ । ਇਸ ਸਬੰਧੀ ਪਿੰਡ ਦੇ ਲਾਲ ਚੰਦ, ਦੇਵ ਰਾਜ ਤੇ ਰਾਜਬੀਰ ਆਦਿ ਨੇ ਸ਼ਿਕਾਇਤ ਜ਼ਿਲ੍ਹਾ ਲੋਕ ਸੰਪਰਕ ਤੇ ਸ਼ਿਕਾਇਤ ਨਿਵਾਰਨ ਕਮੇਟੀ ਵਿਚ ਕੀਤੀ ਹੋਈ ਸੀ। ਇਸ ਸ਼ਿਕਾਇਤ ’ਤੇ ਤੁਰੰਤ ਨੋਟਿਸ ਲੈਂਦਿਆਂ ਹੋਇਆਂ ਸ਼ਿਕਾਇਤ ਨਿਵਾਰਨ ਕਮੇਟੀ ਨੇ ਪ੍ਰਸ਼ਾਸਨ ਨੂੰ ਖੇਡ ਸਟੇਡੀਅਮ ਦੀ ਜ਼ਮੀਨ ਤੋਂ ਕਬਜ਼ੇ ਹਟਾਉਣ ਦੇ ਨਿਰਦੇਸ਼ ਦਿੱਤੇ। ਬਾਬੈਨ ਦੇ ਬੀਡੀਪੀਓ ਯੋਗੇਸ਼ ਕੁਮਾਰ ਨੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੁਲੀਸ ਫੋਰਸ ਦੀ ਮਦਦ ਨਾਲ ਖੇਡ ਸਟੇਡੀਅਮ ਤੋਂ ਕਬਜ਼ੇ ਹਟਾ ਦਿੱਤੇ। ਇਸ ਦੌਰਾਨ ਕਾਫ਼ੀ ਪਿੰਡ ਵਾਲੇ ਵੀ ਇਕੱਠੇ ਹੋਏ ਸਨ।