ਪ੍ਰਭੂ ਦਿਆਲ
ਸਿਰਸਾ, 18 ਅਗਸਤ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਅੱਜ ਸਿਰਸਾ ਦੇ ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ 10ਵੀਂ ਜਮਾਤ ਦਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਦਿੱਤਾ। ਪ੍ਰੀਖਿਆ ਕੇਂਦਰ ਵਿੱਚ ਪੁੱਜਣ ’ਤੇ ਸ੍ਰੀ ਚੌਟਾਲਾ ਮੀਡੀਆ ਨੂੰ ‘ਆਈ ਐਮ ਏ ਸਟੂਡੈਂਟ, ਨੋ ਕੁਮੈਂਟਸ’ ਕਹਿ ਕੇ ਪ੍ਰੀਖਿਆ ਕੇਂਦਰ ਦੇ ਅੰਦਰ ਚਲੇ ਗਏ। ਸਾਬਕਾ ਮੁੱਖ ਮੰਤਰੀ ਇੱਕ ਆਮ ਵਿਦਿਆਰਥੀ ਵਾਂਗ ਪ੍ਰੀਖਿਆ ਦੇਣ ਆਏ ਅਤੇ ਉਨ੍ਹਾਂ ਕੋਈ ਵੀ ਸਿਆਸੀ ਗੱਲ ਨਹੀਂ ਕੀਤੀ।
ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਤੋਂ ਰਾਈਟਰ ਦੀ ਮੰਗ ਕੀਤੀ ਸੀ, ਜਿਸ ਨੂੰ ਸਵੀਕਾਰ ਕਰਦਿਆਂ ਵਿਭਾਗ ਨੇ ਉਨ੍ਹਾਂ ਨੂੰ ਰਾਈਟਰ ਮੁਹੱਈਆ ਕਰਵਾਇਆ। ਦੋ ਘੰਟੇ ਵਿੱਚ ਪ੍ਰੀਖਿਆ ਦੇ ਕੇ ਓਮ ਪ੍ਰਕਾਸ਼ ਚੌਟਾਲਾ ਪ੍ਰੀਖਿਆ ਕੇਂਦਰ ਤੋਂ ਰਵਾਨਾ ਹੋ ਗਏ। ਚੇਤੇ ਰਹੇ ਕਿ ਓਮ ਪ੍ਰਕਾਸ਼ ਚੌਟਾਲਾ 10ਵੀਂ ਜਮਾਤ ਪਾਸ ਕਰ ਚੁੱਕੇ ਹਨ, ਪਰ ਸਿੱਖਿਆ ਵਿਭਾਗ ਨੇ ਉਨ੍ਹਾਂ ਦਾ 12ਵੀਂ ਦਾ ਨਤੀਜਾ ਰੋਕਿਆ ਹੋਇਆ ਹੈ। ਨਤੀਜਾ ਜਾਰੀ ਕਰਵਾਉਣ ਲਈ ਨੇਮਾਂ ਮੁਤਾਬਕ ਉਨ੍ਹਾਂ ਲਈ ਪਹਿਲਾਂ 10ਵੀਂ ਵਿੱਚ ਅੰਗਰੇਜ਼ੀ ਦਾ ਪੇਪਰ ਪਾਸ ਕਰਨਾ ਜ਼ਰੂਰੀ ਹੈ।
ਸ੍ਰੀ ਚੌਟਾਲਾ ਨੇ 82 ਸਾਲ ਦੀ ਉਮਰ ਵਿੱਚ 2017 ਵਿੱਚ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲ ਤੋਂ ਉਰਦੂ, ਸਾਇੰਸ, ਸੋਸ਼ਲ ਸਟੱਡੀਜ਼ ਅਤੇ ਇੰਡੀਅਨ ਕਲਚਰ ਐਂਡ ਹੈਰੀਟੇਜ ਵਿਸ਼ੇ ਵਿੱਚ 53.40 ਫ਼ੀਸਦੀ ਅੰਕ ਹਾਸਲ ਕਰ ਕੇ 10ਵੀਂ ਪਾਸ ਕੀਤੀ ਸੀ। ਬੀਤੀ 5 ਅਗਸਤ ਨੂੰ ਬੋਰਡ ਵੱਲੋਂ ਜਾਰੀ ਓਪਨ 12ਵੀਂ ਦੇ ਪ੍ਰੀਖਿਆ ਨਤੀਜੇ ਵਿੱਚ ਸ੍ਰੀ ਚੌਟਾਲਾ ਦਾ ਨਤੀਜਾ ਰੋਕ ਦਿੱਤਾ ਗਿਆ ਸੀ। ਹੁਣ ਅੰਗਰੇਜ਼ੀ ਦਾ ਪੇਪਰ ਪਾਸ ਕਰਨ ’ਤੇ ਹੀ ਉਨ੍ਹਾਂ ਦਾ 12ਵੀਂ ਦਾ ਨਤੀਜਾ ਜਾਰੀ ਹੋਵੇਗਾ।