ਸਤਪਾਲ ਰਾਮਗੜ੍ਹੀਆ
ਪਿਹੋਵਾ, 23 ਜਨਵਰੀ
ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜੈਅੰਤੀ ਮੌਕੇ ਭਾਜਪਾ ਵੱਲੋਂ ਸੂਬੇ ਭਰ ਵਿੱਚ 7,800 ਥਾਵਾਂ ’ਤੇ ਜੈ ਹਿੰਦ ਬੋਸ ਪ੍ਰੋਗਰਾਮ ਕਰਵਾਏ ਗਏ, ਜਿਸ ਤਹਿਤ ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਸੰਦੀਪ ਸਿੰਘ ਨੇ ਪਿਹੋਵਾ ਸਥਿਤ ਮਾਤਾ ਬਾਲਾ ਸੁੰਦਰੀ ਮੰਦਰ ’ਚ ਸਮਾਗਮ ਮੌਕੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਦਿੱਤੀ।
ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਨੇਤਾ ਜੀ ਨੇ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕਰਕੇ ਭਾਰਤ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਨ ਦਾ ਹੋਕਾ ਦਿੱਤਾ ਸੀ। ਸਿੰਗਾਪੁਰ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀ ਯਾਤਰਾ ਦੌਰਾਨ ਉਸ ਨੇ ਭਾਰਤੀਆਂ ਨੂੰ ਅੰਗਰੇਜ਼ਾਂ ਵਿਰੁੱਧ ਜੰਗ ਵਿੱਚ ਸ਼ਾਮਲ ਕੀਤਾ। ਅੰਡੇਮਾਨ ਅਤੇ ਨਿਕੋਬਾਰ ਵਰਗੇ ਟਾਪੂ ’ਤੇ ਵੀ ਨੇਤਾ ਜੀ ਦੇ ਯਤਨਾਂ ਸਦਕਾ ਤਿਰੰਗਾ ਲਹਿਰਾਉਣਾ ਸੰਭਵ ਹੋਇਆ। ਖੇਡ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਐਲਾਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਪ੍ਰਤੀ ਸ਼ਰਧਾ ਦਿਖਾਈ ਹੈ। ਉਨ੍ਹਾਂ ਨੇ ਇਸ ਮੌਕੇ ਬੀ.ਐੱਸ.ਐੱਫ ਜਵਾਨ ਸ਼ਹੀਦ ਸੁਸ਼ੀਲ ਕੁਮਾਰ ਦੀ ਪਤਨੀ ਸੁਨੀਤਾ ਦੇਵੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਵਰਕਰਾਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਤਸਵੀਰ ‘ਤੇ ਫੁੱਲ ਚੜ੍ਹਾ ਕੇ ਆਜ਼ਾਦੀ ਦੇ ਗੀਤ ਗਾਏ ਅਤੇ ਜੈ ਹਿੰਦ ਬੋਸ ਕਹਿ ਕੇ ਸਲਾਮ ਕੀਤਾ।
ਚੈਲੇਂਜ ਯੂਥ ਕਲੱਬ ਵੱਲੋਂ ਖੂਨਦਾਨ ਕੈਂਪ
ਯਮੁਨਾਨਗਰ (ਪੱਤਰ ਪ੍ਰੇਰਕ): ਚੈਲੇਂਜ ਯੂਥ ਕਲੱਬ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਦੇ ਮੌਕੇ ’ਤੇ ਮੁਕੰਦ ਲਾਲ ਸਿਵਲ ਹਸਪਤਾਲ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਿਵਲ ਸਰਜਨ ਡਾ. ਵਿਜੇ ਦਹੀਆ ਨੇ ਕੀਤਾ ਜਦਕਿ ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪਰਧਾਨ ਰੌਸ਼ਨ ਰਾਣਾ ਨੇ ਕੀਤੀ। ਮੁੱਖ ਮਹਿਮਾਨ ਡਾ. ਦਹੀਆ ਨੇ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਹੋਰ ਸ਼ਹੀਦਾਂ ਦੀ ਕੁਰਬਾਨੀਆਂ ਕਰਕੇ ਹੀ ਅਸੀਂ ਆਜ਼ਾਦੀ ਦੀ ਖੁਲ੍ਹੀ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਉਨ੍ਹਾਂ ਨੇ ਨੌਜਵਾਨਾਂ ਨੂੰ ਨੇਤਾ ਜੀ ਦੇ ਪੂਰਨਿਆਂ ’ਤੇ ਚੱਲਣ ਦੀ ਅਪੀਲ ਕੀਤੀ। ਕਲੱਬ ਦੇ ਸੰਸਥਾਪਕ ਸੁਧੀਰ ਪਾਂਡੇ ਨੇ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ਲੋਕਾਂ ਨੂੰ ਅਪਣੇ ਦੇਸ਼ ਦੀ ਸਭਿਅਤਾ ਅਤੇ ਸੰਸਕਿਤੀ ਨਾਲ ਜੋੜਨ ਤੋਂ ਇਲਾਵਾ ਗਰੀਬ ਲੋਕਾਂ ਦੀ ਸੇਵਾ ਕਰਨਾ ਹੈ।