ਅੰਬਾਲਾ, 2 ਮਈ
ਇੱਥੇ ਸੱਤਾਧਾਰੀ ਧਿਰ ਦੇ ਵਿਧਾਇਕਾਂ ਸਮੇਤ ਹੋਰਨਾਂ ਨੇ ਦੇਸ਼ ਵਿੱਚ ਹਿੰਦੂ ਰਾਸ਼ਟਰ ਦੇ ਨਿਰਮਾਣ ਲਈ ਸਹੁੰ ਚੁੱਕੀ ਅਤੇ ਇਸ ਸਬੰਧੀ ਹਰ ਕੁਰਬਾਨੀ ਦੇਣ ਦਾ ਪ੍ਰਣ ਵੀ ਲਿਆ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਦੇ ਵਿਧਾਇਕਾਂ ਦਾ ਇਹ ਸਮਾਰੋਹ ਬੀਤੇ ਦਿਨ ਹੋਇਆ ਸੀ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਨਸ਼ਰ ਹੋਈਆਂ ਹਨ। ਵੀਡੀਓ ਵਿੱਚ ਅੰਬਾਲਾ ਸ਼ਹਿਰ ਦੇ ਵਿਧਾਇਕ ਅਸੀਮ ਗੋਇਲ ਅਤੇ ਹੋਰ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਉਹ ਹਿੰਦੁਸਤਾਨ ਨੂੰ ਇੱਕ ਹਿੰਦੂੁ ਰਾਸ਼ਟਰ ਬਣਾਉਣ ਦਾ ਪ੍ਰਣ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਇਸ ਕੰਮ ਲਈ ਕੁਰਬਾਨੀ ਵੀ ਦੇਣਗੇ ਪਰ ਕਿਸੇ ਵੀ ਕੀਮਤ ’ਤੇ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨਿਆ ਜਾਵੇਗਾ। ਵਿਧਾਇਕਾਂ ਅਤੇ ਹੋਰਾਂ ਨੇ ਹਿੰਦੂ ਰਾਸ਼ਟਰ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ। ਅੱਜ ਇੱਥੇ ਸੰਪਰਕ ਕਰਨ ’ਤੇ ਵਿਧਾਇਕ ਅਸੀਮ ਗੋਇਲ ਨੇ ਕਿਹਾ ਕਿ ਉਨ੍ਹਾਂ ਸਮਾਗਮ ਵਿੱਚ ਹੋਰਨਾਂ ਨਾਲ ਹਿੰਦੂ ਹੋਣ ਦੇ ਨਾਤੇ ਸਹੁੰ ਚੁੱਕੀ ਸੀ ਨਾ ਕਿ ਭਾਜਪਾ ਦੇ ਵਿਧਾਇਕ ਵਜੋਂ। ਉਨ੍ਹਾਂ ਕਿਹਾ, ‘‘ਮੈਨੂੰ ਹਿੰਦੂ ਹੋਣ ’ਤੇ ਮਾਣ ਹੈ।’’ ਇਸ ਸਮਾਗਮ ਮਗਰੋਂ ਵਿਧਾਇਕ ਨੇ ਸਾਂਝੇ ਸਿਵਲ ਕੋਡ ਸਬੰਧੀ ਇੱਕ ਸੈਮੀਨਾਰ ਵਿੱਚ ਵੀ ਹਿੱਸਾ ਲਿਆ। -ਪੀਟੀਆਈ