ਪ੍ਰਭੂ ਦਿਆਲ
ਸਿਰਸਾ, 10 ਨਵੰਬਰ
ਡੀਏਪੀ ਖਾਦ ਲਈ ਕਿਸਾਨ ਖੱਜਲ ਹੋ ਰਹੇ ਹਨ। ਕਿਸਾਨ ਖਾਦ ਲਈ ਕਿਸਾਨ ਸੁਸਾਇਟੀਆਂ ਤੇ ਖਾਦ ਡੀਲਰਾਂ ਦੀਆਂ ਦੁਕਾਨਾਂ ਅੱਗੇ ਤੜਕੇ ਚਾਰ ਵਜੇ ਆ ਬੈਠਦੇ ਹਨ ਪਰ ਖਾਦ ਦੀ ਬਜਾਏ ਕਿਸਾਨਾਂ ਦੇ ਨਿਰਾਸ਼ਾ ਲੈ ਕੇ ਪਰਦੇ ਹਨ। ਕਿਸਾਨਾਂ ਨੂੰ ਕਣਕ ਦੀ ਬਿਜਾਈ ਦੇ ਪਛੜਣ ਦਾ ਖਦਸ਼ਾ ਸਤਾ ਰਿਹਾ ਹੈ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਦਾਅਵਾ ਹੈ ਕਿ ਕਿਸਾਨਾਂ ਨੂੰ ਖਾਦ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਦਾਣਾ ਮੰਡੀ ਸਥਿਤ ਖਾਦ ਡੀਲਰ ਦੀ ਦੁਕਾਨ ਅੱਗੇ ਡੀਏਪੀ ਖਾਦ ਲੈਣ ਲਈ ਲਾਈਨ ਵਿੱਚ ਲੱਗੇ ਪਿੰਡ ਭਰੋਖਾਂ ਦੇ ਕਿਸਾਨ ਸ਼ਲੈਂਦਰ ਤੇ ਪਿੰਡ ਰਘੂਆਣਾ ਦੇ ਕਿਸਾਨ ਗੁਰਦੀਪ ਸਿੰਘ ਤੇ ਕਿ੍ਸ਼ਨ ਨੇ ਦੱਸਿਆ ਹੈ ਕਿ ਉਹ ਪਿਛਲੇ ਦਸ ਦਿਨਾਂ ਤੋਂ ਡੀਏਪੀ ਖਾਦ ਲੈਣ ਲਈ ਖੁਆਰ ਹੋ ਰਹੇ ਹਨ। ਤੜਕੇ ਚਾਰ ਵਜੇ ਆ ਕੇ ਲਾਈਨ ’ਚ ਲੱਗ ਜਾਂਦੇ ਹਨ ਪਰ ਸ਼ਾਮ ਤੱਕ ਖਾਦ ਨਹੀਂ ਮਿਲਦੀ। ਰੋਜ਼ ਉਨ੍ਹਾਂ ਨੂੰ ਲਾਰਾ ਹੀ ਲਾਇਆ ਜਾ ਰਿਹਾ ਹੈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਕਿਸਾਨਾਂ ਨੂੰ ਡੀਏਪੀ ਖਾਦ ਨਹੀਂ ਮਿਲੀ ਤਾਂ ਉਹ ਮਿੰਨੀ ਸਕੱਤਰੇਤ ’ਚ ਡਿਪਟੀ ਕਮਿਸ਼ਨਰ ਦਾ ਘਿਰਾਓ ਕਰਨਗੇ। ਉਧਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੂੰ ਡੀਏਪੀ ਖਾਦ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਹੈ ਕਿ ਅੱਜ ਦਸ ਹਜ਼ਾਰ ਬੈਗ ਡੀਏਪੀ ਆਉਣ ਦੀ ਸੰਭਾਵਨਾ ਹੈ ਤੇ ਅਗਲੇ ਇਕ ਦੋ ਦਿਨਾਂ ’ਚ ਵੀਹ ਹਜ਼ਾਰ ਹੋਰ ਬੈਗ ਸੁਸਾਇਟੀਆਂ ਤੇ ਡੀਲਰਾਂ ਕੋਲ ਪੁੱਜ ਜਾਣਗੇ।