ਆਤਿਸ਼ ਗੁਪਤਾ
ਚੰਡੀਗੜ੍ਹ, 7 ਜੁਲਾਈ
ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਦੇ ਮੱਦੇਨਜ਼ਰ ਪਾਰਟੀਆਂ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਦੌਰਾਨ ਹਰਿਆਣਾ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਪੰਜ ਸਾਲ ਮਗਰੋਂ ਮੁੜ ਹੱਥ ਮਿਲਾਉਣ ਜਾ ਰਹੇ ਹਨ। ਦੋਵੇਂ ਪਾਰਟੀਆਂ ਵੱਲੋਂ ਗੱਠਜੋੜ ਬਣਾ ਕੇ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ। ਇਸ ਗੱਲ ਦੀ ਪੁਸ਼ਟੀ ਇਨੈਲੋ ਦੇ ਹਰਿਆਣਾ ਇਕਾਈ ਦੇ ਪ੍ਰਧਾਨ ਰਾਮਪਾਲ ਮਾਜਰਾ ਨੇ ਕੀਤੀ ਹੈ।
ਮਾਜਰਾ ਨੇ ਕਿਹਾ ਕਿ ਦੋਵਾਂ ਪਾਰਟੀਆਂ ਵਿੱਚ ਗੱਠਜੋੜ ਦਾ ਸਿਧਾਂਤਕ ਫ਼ੈਸਲਾ ਹੋ ਚੁੱਕਾ ਹੈ, ਜਦੋਂਕਿ ਰਸਮੀ ਐਲਾਨ 11 ਜੁਲਾਈ ਨੂੰ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਨੈਲੋ ਦੇ ਸੀਨੀਅਰ ਆਗੂ ਅਭੈ ਸਿੰਘ ਚੌਟਾਲਾ ਨੇ ਬੀਤੇ ਦਿਨੀਂ ਉੱਤਰ ਪ੍ਰਦੇਸ਼ ਵਿੱਚ ਲਖਨਊ ’ਚ ਬਸਪਾ ਮੁਖੀ ਮਾਇਆਵਤੀ ਨਾਲ ਮੁਲਾਕਾਤ ਕੀਤੀ ਸੀ। ਰਾਮਪਾਲ ਮਾਜਰਾ ਨੇ ਕਿਹਾ ਕਿ ਉਹ ਸੂਬੇ ਵਿੱਚ ਭਾਜਪਾ ਤੇ ਕਾਂਗਰਸ ਤੋਂ ਇਲਾਵਾ ਇੱਕ ਵਿਚਾਰਧਾਰਾ ਵਾਲੀਆਂ ਜਥੇਬੰਦੀਆਂ ਨੂੰ ਇੱਕ ਮੰਚ ’ਤੇ ਇਕੱਠਾ ਕਰ ਰਹੇ ਹਨ।
ਦੱਸਣਯੋਗ ਹੈ ਕਿ ਇਨੈਲੇ ਤੇ ਬਸਪਾ ਨੇ ਪਹਿਲਾਂ ਵੀ ਹਰਿਆਣਾ ਵਿੱਚ ਗੱਠਜੋੜ ਕੀਤਾ ਸੀ, ਜੋ ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੁੱਟ ਗਿਆ ਸੀ। ਉਹ ਹੁਣ ਮੁੜ ਗੱਠਜੋੜ ਬਣਾ ਕੇ ਚੋਣ ਮੈਦਾਨ ਵਿੱਚ ਕੁੱਦਣ ਲਈ ਤਿਆਰ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਵਿੱਚ ਇਨੈਲੋ ਤੇ ਬਸਪਾ ਨੇ ਲੋਕ ਸਭਾ ਚੋਣਾਂ ਵੱਖ-ਵੱਖ ਲੜੀਆਂ ਸਨ। ਬਸਪਾ ਨੇ ਦਸ ਵਿੱਚੋਂ ਨੌਂ ਅਤੇ ਇਨੈਲੇ ਨੇ ਸੱਤ ਲੋਕ ਸਭਾ ਸੀਟਾਂ ’ਤੇ ਚੋਣ ਲੜੀ ਸੀ, ਪਰ ਦੋਵਾਂ ਨੂੰ ਕੋਈ ਸੀਟ ਨਹੀਂ ਮਿਲੀ।