ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਮਾਰਚ
ਮਹਿਲਾ ਸ਼ਕਤੀ ਨੂੰ ਉਤਸ਼ਾਹਿਤ ਕਰਨ ਲਈ ਮਹਾਰਾਜ ਸੁਰਸੈਣੀ ਮਾਨਵ ਸੇਵਾ ਤੇ ਮਹਿਲਾ ਯੁਵਾ ਸ਼ਕਤੀ ਸੰਸਥਾਨ ਵਲੋਂ ਅੱਜ ਭਾਰਤ ਕਾਲਜ ਆਫ ਲਾਅ ਵਿੱਚ ਮਹਿਲਾਵਾਂ ਦੇ ਖੇਡ ਮੁਕਾਬਲੇ ਕਰਵਾਏ ਗਏ। ਜਿਸ ਦਾ ਸ਼ੁਭ ਅਰੰਭ ਕੁਰੂਕਸ਼ੇਤਰ ਦੀ ਸਾਬਕਾ ਸੰਸਦ ਕੈਲਾਸ਼ੋ ਸੈਣੀ ਨੇ ਕੀਤਾ। ਇਸ ਖੇਡ ਮੁਕਾਬਲੇ ਵਿੱਚ ਮਹਿਲਾ ਕਬੱਡੀ, ਰੱਸਾ ਕਸ਼ੀ ,ਚਾਟੀ ਰੇਸ, ਟੰਗੜੀ ਰੇਸ ਤੋਂ ਇਲਾਵਾ ਕਈ ਹੋਰ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਸਾਬਕਾ ਸੰਸਦ ਕੈਲਸ਼ੋ ਸੈਣੀ ਨੇ ਬੋਲਦੇ ਹੋਏ ਕਿਹਾ ਕਿ ਅੱਜ ਮਹਿਲਾਵਾਂ ਹਰ ਖੇਤਰ ਵਿੱਚ ਆਪਣੀ ਹਿੱਸਦਾਰੀ ਲਾਜ਼ਮੀ ਕਰ ਰਹੀਆਂ ਹਨ ਤਾਂ ਉਹ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਾਰਾਜ ਸੁਰਸੈਣੀ ਮਾਨਵ ਸੇਵਾ ਤੇ ਮਹਿਲਾ ਤੇ ਯੁਵਾ ਸ਼ਕਤੀ ਸੰਸਥਾਨ ਮਹਿਲਾਵਾਂ ਦੀ ਰਾਜਨੀਤਕ ਵਿੱਚ ਹਿੱਸੇਦਾਰੀ ਲਾਜ਼ਮੀ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਖੇਡਾਂ, ਸਮਾਜਿਕ ਕਾਰਜਾਂ ਵਿਚ ਹੋਰ ਅੱਗੇ ਲਿਆਉਣ ਲਈ ਕੰਮ ਕਰ ਰਿਹਾ ਹੈ, ਜਿਸ ਵਿਚ ਮਹਿਲਾਵਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਨਸ਼ੇ ਦੀ ਲਤ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਨੂੰ ਸਹੀ ਦਿਸ਼ਾ ਵੱਲ ਲਿਆਉਣ ਲਈ ਸੰਸਥਾ ਯਤਨਸ਼ੀਲ ਹੈ ਤਾਂ ਜੋ ਅਪਰਾਧ ਮੁਕਤ ਸਮਾਜ ਦੀ ਸਥਾਪਨਾ ਹੋ ਸਕੇ।
ਇਸ ਮੁਕਾਬਲੇ ਵਿੱਚ ਕੁਰੂਕਸ਼ੇਤਰ ਦੀ ਮਹਿਲਾ ਕਬੱਡੀ ਟੀਮ ਨੇ ਭਿਵਾਨੀ ਦੀ ਟੀਮ ਨੂੰ 24,16 ਦੇ ਫਰਕ ਨਾਲ ਹਰਾਇਆ। ਰੱਸਾਕਸ਼ੀ ਵਿੱਚ ਖੇੜੀ ਦਬਦਲਾਨ ਦੀ ਟੀਮ ਨੇ ਸ਼ਾਦੀ ਪੁਰ ਦੀ ਟੀਮ ਨੂੰ ਹਰਾਇਆ। 100 ਮੀਟਰ ਰੇਸ ਵਿੱਚ ਖੁਸ਼ੀ ਸ਼ਾਦੀਪੁਰ ਨੇ ਪਹਿਲਾ, ਗਰਿਮਾ ਦਬਦਲਾਨ ਨੇ ਦੂਜਾ, ਚਾਟੀ ਰੇਸ ਵਿੱਚ ਅਮਰ ਕੌਰ ਸ਼ਾਦੀ ਪੁਰ ਨੇ ਪਹਿਲਾ, ਨਿਰਮਲਾ ਨੇ ਦੂਜਾ, ਸੁਮਨ ਨੇ ਤੀਜਾ ਸਥਾਨ ਹਾਸਲ ਕੀਤਾ। ਤਿੰਨ ਟੰਗੀ ਦੌੜ ਵਿੱਚ ਸਮਰਿਤੀ ਤੇ ਮੀਨਾਕਸ਼ੀ ਨੇ ਪਹਿਲਾ, ਪ੍ਰਵੀਨ ਤੇ ਕਵਿਤਾ ਨੇ ਦੂਜਾ ਸਥਾਨ ਹਾਸਿਲ ਕੀਤਾ। ਜੇਤੂ ਟੀਮਾਂ ਨੂੰ ਕੈਲਾਸ਼ੋ ਸੈਣੀ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਓਮ ਨਾਥ ਸੈਣੀ, ਪਰਮਜੀਤ ਕੌਰ, ਪ੍ਰਿੰਸੀਪਲ ਸ਼ਿਪਰਾ ਗੁਪਤਾ, ਨੀਰਜ ਸੈਣੀ, ਸੁਨੀਤਾ ਖੰਨਾ, ਕੋਚ ਰਾਜ ਕਿਸ਼ਨ ਤੋਂ ਇਲਾਵਾ ਕਈ ਪਤਵੰਤੇ ਮੌਜੂਦ ਸਨ।