ਪ੍ਰਭੂ ਦਿਆਲ
ਸਿਰਸਾ, 13 ਅਕਤੂਬਰ
ਇਥੋਂ ਦੇ ਪਿੰਡ ਬਣ ਸੁਧਾਰ ’ਚ ਸੱਜ ਵਿਆਹੀ ਲਾੜੀ ਕਰਵਾ ਚੌਥ ਦੇ ਵਰਤ ਤੋਂ ਪਹਿਲਾਂ ਘਰੋਂ ਗਹਿਣੇ ਤੇ ਨਕਦੀ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਨੇ ਵਿਆਹੁਤਾ ਨੂੰ ਗਹਿਣੇ ਤੇ ਨਕਦੀ ਸਮੇਤ ਕਾਬੂ ਕਰ ਲਿਆ। ਮਾਮਲਾ ਥਾਣੇ ਪੁੱਜ ਗਿਆ ਹੈ। ਵਿਆਹੁਤਾ ਨੇ ਵਿਆਹ ਤੋਂ ਇਨਕਾਰ ਕਰਦਿਆਂ ਖੁਦ ਨੂੰ ਖਰੀਦੇ ਜਾਣ ਦਾ ਦੋਸ਼ ਲਾਇਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪਿੰਡ ਬਣ ਸੁਧਾਰ ਦੇ ਇਕ ਨੌਜਵਾਨ ਦਾ ਵਿਆਹ ਨਹੀਂ ਹੋ ਰਿਹਾ ਸੀ। ਦੱਸਿਆ ਗਿਆ ਹੈ ਕਿ ਉਹ ਤੋਤਲਾ ਬੋਲਦਾ ਸੀ। ਕੁਝ ਦਿਨ ਪਹਿਲਾਂ ਕਿਸੇ ਵਿਚੋਲੇ ਕਾਰਨ ਉਸ ਦਾ ਵਿਆਹ ਹੋਇਆ। ਵਿਆਹ ਮੌਕੇ ਲਾੜੀ ਨੂੰ ਗਹਿਣੇ ਗੱਟੇ ਵੀ ਪਾਏ ਗਏ। ਦੱਸਿਆ ਗਿਆ ਹੈ ਕਿ ਬੀਤੇ ਕੱਲ੍ਹ ਲਾੜੀ ਤੇ ਪਰਿਵਾਰ ਵੱਲੋਂ ਕਰਵਾ ਚੌਥ ਵਰਤ ਦੀ ਤਿਆਰੀ ਕੀਤੀ ਗਈ ਤੇ ਪਰਿਵਾਰ ਰਾਤ ਖਾਣਾ ਖਾ ਕੇ ਸੌਂ ਗਿਆ। ਲਾੜੀ ਕਿਸੇ ਬਹਾਨੇ ਘਰੋਂ ਬਾਹਰ ਨਿਕਲੀ ਤੇ ਮੁੜ ਘਰ ਨਾ ਪਰਤੀ ਤਾਂ ਪਰਿਵਾਰ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਪਰਿਵਾਰ ਲੜਕੀ ਦੀ ਭਾਲ ਕਰ ਰਿਹਾ ਸੀ ਤਾਂ ਉਹ ਇਕ ਝੋਨੇ ਦੀ ਖੇਤ ’ਚੋਂ ਮਿਲੀ। ਦੱਸਿਆ ਗਿਆ ਹੈ ਕਿ ਲਾੜੀ ਘਰੋਂ ਕਥਿਤ ਤੌਰ ’ਤੇ ਗਹਿਣੇ ਤੇ ਨਕਦੀ ਲੈ ਕੇ ਗਈ ਸੀ। ਪਰਿਵਾਰ ਇਸ ਮਾਮਲੇ ਨੂੰ ਥਾਣੇ ਲੈ ਗਿਆ। ਉਧਰ ਲੜਕੀ ਨੇ ਦੋਸ਼ ਲਾਇਆ ਹੈ ਕਿ ਉਸ ਦਾ ਵਿਆਹ ਨਹੀਂ ਹੋਇਆ, ਉਸ ਨੂੰ ਖਰੀਦਿਆ ਗਿਆ ਹੈ।