ਦੇਵਿੰਦਰ ਸਿੰਘ
ਯਮੁਨਾਨਗਰ, 4 ਸਤੰਬਰ
ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੀ ਲੜੀ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਯਮੁਨਾਨਗਰ ਜ਼ਿਲ੍ਹੇ ਨੂੰ 15.50 ਕਰੋੜ ਰੁਪਏ ਦੀਆਂ ਤਿੰਨ ਵਿਕਾਸ ਯੋਜਨਾਵਾਂ ਦੀ ਸੌਗਾਤ ਦਿੱਤੀ। ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਨੇ ਹਰਿਆਣਾ ਦੇ ਕਰਨਾਲ ਤੋਂ ਆਨਲਾਈਨ ਮਾਧਿਅਮ ਰਾਹੀਂ ਜੁੜ ਕੇ ਲਗਪਗ 170 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਰੀਬ 170 ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖ ਕੇ ਵਿਕਾਸ ਸਕੀਮਾਂ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੀਆਂ। ਇਨ੍ਹਾਂ ਵਿੱਚ ਯਮੁਨਾਨਗਰ ਜ਼ਿਲ੍ਹੇ ਵਿੱਚ 15.50 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਯੋਜਨਾਵਾਂ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਯੋਜਨਾਵਾਂ ਵਿੱਚ ਸਰਸਵਤੀ ਨਗਰ ਵਿੱਚ 4 ਕਰੋੜ 50 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਿਆ ਬੱਸ ਸਟੈਂਡ, ਥਾਣਾ ਛੱਪਰ ਵਿੱਚ 2 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਲੋਕ ਨਿਰਮਾਣ ਵਿਭਾਗ ਦਾ ਰੈਸਟ ਹਾਊਸ ਅਤੇ ਇੱਕ ਪਿੰਡ ਨਾਚਰੌਣ ਵਿੱਚ ਵਿੱਚ 9 ਕਰੋੜ ਦੀ ਲਾਗਤ ਨਾਲ ਤਿਆਰ ਸਰਕਾਰੀ ਆਈਟੀਆਈ ਦਾ ਭਵਨ ਸ਼ਾਮਲ ਹਨ। ਇਸ ਮੌਕੇ ਯਮੁਨਾਨਗਰ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸਿੱਖਿਆ ਮੰਤਰੀ ਕੰਵਰ ਪਾਲ ਮੁੱਖ ਮਹਿਮਾਨ ਵਜੋਂ ਪੁੱਜੇ ਜਦਕਿ ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਮੇਅਰ ਮਦਨ ਚੌਹਾਨ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਤੇ ਹਰਿਆਣਾ ਸਰਕਾਰ ਦੇ ਏਸੀਐਸ ਅੰਕੁਰ ਗੁਪਤਾ ਤੇ ਹੋਰ ਜ਼ਿਲ੍ਹਾ ਅਧਿਕਾਰੀ ਮੌਜੁੂਦ ਸਨ। ਸਿੱਖਿਆ ਮੰਤਰੀ ਕੰਵਰਪਾਲ ਨੇ ਕਿਹਾ ਕਿ ਸਰਕਾਰ ਯੋਜਨਾਬੱਧ ਤਰੀਕੇ ਨਾਲ ਸੂਬੇ ਦਾ ਸਰਬਪੱਖੀ ਵਿਕਾਸ ਕਰ ਰਹੀ ਹੈ ਜਿਸ ਦਾ ਲਾਭ ਸੂਬੇ ਦੇ ਹਰ ਆਮ ਆਦਮੀ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯਮੁਨਾਨਗਰ ਜ਼ਿਲ੍ਹੇ ਵਿੱਚ ਸਿੱਖਿਆ, ਸਿਹਤ, ਸੜਕ, ਪਾਣੀ ਅਤੇ ਬਿਜਲੀ ਸਪਲਾਈ ਸਮੇਤ ਹੋਰ ਬੁਨਿਆਦੀ ਸਹੂਲਤਾਂ ਵੱਲ ਸਰਕਾਰ ਦਾ ਪੂਰਾ ਧਿਆਨ ਹੈ ਅਤੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਲੋਕ ਸੇਵਾ ਦੇ ਰੂਪ ਵਿੱਚ ਵਿਕਾਸ ਦੀ ਰਫ਼ਤਾਰ ਤੇਜ਼ੀ ਨਾਲ ਚੱਲ ਰਹੀ ਜਦਕਿ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਅੱਜ ਸੂਬੇ ਦੇ ਵਿਕਾਸ ਦਾ ਪਿਟਾਰਾ ਖੁਲ੍ਹੇ ਦਿਲ ਨਾਲ ਖੋਲ੍ਹ ਦਿੱਤਾ ਹੈ ਜੋ ਕਿ ਸ਼ਲਾਘਾਯੋਗ ਹੈ।
ਵਿਧਾਇਕ ਮਿੱਢਾ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ
ਜੀਂਦ (ਮਹਾਂਵੀਰ ਮਿੱਤਲ): ਜੀਂਦ ਹਲਕੇ ਦੇ ਵਿਧਾਇਕ ਡਾ. ਕ੍ਰਿਸ਼ਨ ਮਿੱਢਾ ਨੇ ਪਿੰਡ ਰਾਇਚੰਦਵਾਲਾ ਵਿੱਚ 80 ਲੱਖ ਰੁਪਏ ਤੋਂ ਵੱਧ ਰਾਸ਼ੀ ਦੀਆਂ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ-ਪੱਥਰ ਰੱਖਿਆ। ਵਿਧਾਇਕ ਡਾ. ਮਿੱਢਾ ਸ਼ਹਿਰੀ ਇਲਾਕਿਆਂ ਦੇ ਨਾਲ-ਨਾਲ ਪੇਂਡੂ ਇਲਾਕਿਆਂ ਵਿੱਚ ਵੀ ਬਰਾਬਰ ਵਿਕਾਸ ਕਰਵਾਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਹੋਵੇ ਜਾਂ ਪਿੰਡ, ਵਿਕਾਸ ਕਰਵਾਉਣਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਇਸ ਦੌਰਾਨ ਵਿਧਾਇਕ ਮਿੱਢਾ ਨੇ ਲੋਕਾਂ ਦੀਆਂ ਸੱਮਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ਉੱਤੇ ਨਿਪਟਾਰਾ ਵੀ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਵਿਕਾਸ ਕਰਵਾਉਣਾ ਹੀ ਪ੍ਰਾਥਮਿਕਤਾ ਹੈ ਅਤੇ ਜੋ ਵੀ ਅਧਿਕਾਰੀ ਇਸ ਕੰਮ ਵਿੱਚ ਕੌਤਾਹੀ ਵਰਤੇਗਾ, ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਭਾਜਪਾ ਵਿਧਾਇਕ ਨੇ ਪਿੰਡ ਰਾਇਚੰਦਵਾਲਾ ਪਹੁੰਚਕੇ ਸਮਸ਼ਾਨ-ਘਾਟ ਵਾਲੇ ਟੋਭੇ ਦੇ ਰਿਟੇਨਿੰਗ ਵਾਲ ਅਤੇ ਦੋ ਗਊ ਸ਼ਾਲਾਵਾਂ ਦਾ ਉਦਘਾਟਨ ਕੀਤਾ। ਇਨ੍ਹਾਂ ਦੇ ਨਿਰਮਾਣ ’ਤੇ 34 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਇਸੇ ਤਰ੍ਹਾਂ ਵਿਧਾਇਕ ਨੇ ਜਲ-ਘਰ ਤੋਂ ਮਾਈਨਰ ਦੇ ਪੁਲ ਤੱਕ ਕੱਚੇ ਰਾਹ ਨੂੰ ਪੱਕਾ ਕਰਨ ਦੀ ਯੋਜਨਾ ਦਾ ਨੀਂਹ-ਪੱਥਰ ਰੱਖਿਆ। ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਸੋਚ ਨਾਲ ਹਰਿਆਣਾ ਦਾ ਵਿਕਾਸ ਕੀਤਾ ਜਾ ਰਿਹਾ ਹੈ।