ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 27 ਮਾਰਚ
ਨਗਰ ਨਿਗਮ ਕਮਿਸ਼ਨਰ ਯਸ਼ਪਾਲ ਯਾਦਵ ਨੇ ਰਾਸ਼ਟਰੀ ਰਾਜਮਾਰਗ ’ਤੇ ਸੰਤ ਸੂਰਦਾਸ ਮੈਟਰੋ ਸਟੇਸ਼ਨ’ ਤੇ ਹਰੀ ਪੱਟੀ (ਗ੍ਰੀਨ ਬੈਲਟ) ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਨਗਰ ਪਾਲਿਕਾ ਕਮਿਸ਼ਨਰ ਵੱਲੋਂ ਬੱਲਭਗੜ੍ਹ ਦੇ ਪੰਚਾਇਤ ਭਵਨ ਵਿਖੇ ਵਾਯੂ ਯੰਤਰ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਦੋਹਾਂ ਕਾਰਜਾਂ ਵਿੱਚ ਨੀਰੀ (ਸੀਐਸਆਈਆਰ), ਸ਼ਹਿਰ ਦੀ ਸਭ ਤੋਂ ਪੁਰਾਣੀ ਕੰਪਨੀ ਗੁੱਡਯੇਅਰ ਸਮੇਤ ਐਨਐਚਏਆਈ ਤੇ ਇੱਕ ਐਨਜੀਓ ਆਈਪੀਸੀਏ (ਇੰਡੀਅਨ ਪ੍ਰਦੂਸ਼ਣ ਕੰਟਰੋਲ ਐਸੋਸੀਏਸ਼ਨ) ਨੇ ਯੋਗਦਾਨ ਪਾਇਆ। ਵਾਤਾਵਰਨ ਦੀ ਸੰਭਾਲ ਤੇ ਸਵੱਛ ਵਾਤਾਵਰਨ ਲਈ ਇਕ ਜਨਤਕ ਮੀਟਿੰਗ ਵੀ ਕੀਤੀ ਗਈ। ਇਸ ਦੌਰਾਨ ਨਿਗਮ ਦੇ ਵਧੀਕ ਕਮਿਸ਼ਨਰ ਇੰਦਰਜੀਤ ਕੁਲਦੀਆ, ਐੱਨਐੱਚਏਆਈ ਦੇ ਡਾਇਰੈਕਟਰ ਬਾਂਸਲ, ਸਹਾਇਕ ਪ੍ਰਾਜੈਕਟ ਡਾਇਰੈਕਟਰ ਧੀਰਜ, ਨੀਰੀ ਸਾਇੰਟਿਸਟ ਡਾ. ਸੁਨੀਲ ਗੁਲਿਆ ਸਮੇਤ ਕਈ ਅਧਿਕਾਰੀ ਵੀ ਮੌਜੂਦ ਸਨ। ਪ੍ਰੋਗਰਾਮ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਯਸ਼ਪਾਲ ਯਾਦਵ ਨੇ ਕਿਹਾ ਕਿ ਸ਼ਹਿਰ ਵਿਚ ਵੱਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਨਿਗਮ ਵੱਲੋਂ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਗ੍ਰੀਨ ਬੈਲਟ ਤਿਆਰ ਕੀਤੀ ਗਈ ਹੈ। ਇੱਕ ਪਾਇਲਟ ਪ੍ਰਾਜੈਕਟ ਵਜੋਂ ਹਵਾ ਦੇ ਯੰਤਰਾਂ ਦੀ ਸਥਾਪਨਾ ਬੱਲਭਗੜ ਤੋਂ ਸ਼ੁਰੂ ਕੀਤੀ ਗਈ ਹੈ। ਇਹ ਸੰਘਣਾ ਉਦਯੋਗਿਕ ਇਕਾਈਆਂ ਵਾਲਾ ਖੇਤਰ ਹੈ। ਇਹ ਧਿਆਨ ਵਿੱਚ ਰੱਖਦੇ ਹੋਏ 22 ਥਾਵਾਂ ਦੀ ਪਛਾਣ ਕੀਤੀ ਗਈ ਹੈ। ਐਨਐਚਏਆਈ ਦੇ ਪੰਜ ਓਵਰਬ੍ਰਿਜਾਂ ਦੇ ਨਾਲ ਨਾਲ ਗ੍ਰੀਨ ਬੈਲਟਸ ਨੂੰ ਵਿਕਸਤ ਕਰਨ ਦਾ ਕੰਮ ਸ਼ਹਿਰ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਹਵਾ ਦੇ ਯੰਤਰ ਲਗਾਉਣ ਦਾ ਕੰਮ ਉਨ੍ਹਾਂ ਥਾਵਾਂ ‘ਤੇ ਸ਼ੁਰੂ ਕੀਤਾ ਗਿਆ ਹੈ ਜਿਥੇ ਸ਼ਹਿਰ ਵਿਚ ਪ੍ਰਦੂਸ਼ਣ ਦਾ ਉੱਚ ਦਬਾਅ ਹੈ। ਨੀਰੀ ਵਿਗਿਆਨੀ ਡਾ. ਸੁਨੀਲ ਗੁਲੀਆ ਨੇ ਕਿਹਾ ਕਿ ਅਜਿਹੇ ਪ੍ਰਾਜੈਕਟ ਦੇਸ਼ ਦੇ ਹੋਰ ਸ਼ਹਿਰਾਂ ਜਿਵੇਂ ਮੁੰਬਈ, ਬੰਗਲੌਰ ਵਿੱਚ ਕੀਤੇ ਜਾ ਚੁੱਕੇ ਹਨ। ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਜੋ ਕਿ ਇੱਥੇ ਵਸਦੇ ਲੋਕਾਂ ਦੀ ਸਿਹਤ ਨੂੰ ਪ੍ਰਭਾਵਤ ਕਰ ਰਿਹਾ ਹੈ।