ਦਵਿੰਦਰ ਸਿੰਘ
ਯਮੁਨਾਨਗਰ, 11 ਦਸੰਬਰ
ਜ਼ਿਲ੍ਹਾ ਯਮੁਨਾਨਗਰ ਦੇ ਉਪ ਮੰਡਲ ਬਿਲਾਸਪੁਰ ਵਿੱਚ ਬਣਾਏ ਗਏ ਨਵੇਂ ਜੁਡੀਸ਼ਲ ਕੰਪਲੈਕਸ ਦਾ ਉਦਘਾਟਨ ਪੰਜਾਬ-ਹਰਿਆਣਾ ਹਾਈਕੋਰਟ ਦੇ ਜੱਜ ਅਤੇ ਬਿਲਡਿੰਗ ਕਮੇਟੀ ਹਰਿਆਣਾ ਦੇ ਚੇਅਰਮੈਨ ਅਜੇ ਤਿਵਾਰੀ ਨੇ ਕੀਤਾ। ਇਸ ਮੌਕੇ ਕੰਪਲੈਕਸ ਵਿੱਚ ਇੱਕ ਪੌਦਾ ਵੀ ਲਗਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਨਵੀਂ ਬਿਲਡਿੰਗ ਵਿੱਚ ਦਿੱਤੀਆਂ ਗਈਆਂ ਸਹੂਲਤਾਂ ਦੇ ਕਾਰਨ ਸਟਾਫ ਨੂੰ ਬਿਹਤਰ ਢੰਗ ਨਾਲ ਸੇਵਾਵਾਂ ਦੇਣ ਵਿੱਚ ਮਦਦ ਮਿਲੇਗੀ ਅਤੇ ਪੀੜਤ ਲੋਕਾਂ ਦੇ ਮੁਕੱਦਮਿਆਂ ਦਾ ਛੇਤੀ ਨਿਪਟਾਰਾ ਹੋਵੇਗਾ। ਸੈਸ਼ਨ ਜੱਜ ਦੀਪਕ ਅੱਗਰਵਾਲ ਨੇ ਉਦਘਾਟਨ ਸਮਾਗਮ ਵਿੱਚ ਪੁੱਜੇ ਜੱਜਾਂ, ਜੁਡੀਸ਼ਲ ਅਧਿਕਾਰੀਆਂ ਅਤੇ ਵਕੀਲਾਂ ਦਾ ਸਵਾਗਤ ਕੀਤਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਨਵੀਂ ਬਿਲਡਿੰਗ ਵਿੱਚ ਲਿਟੀਗੇਸ਼ਨ ਹਾਲ, ਬਾਰ ਰੂਮ, ਲਾਇਬ੍ਰੇਰੀ, ਕਨਟੀਨ, ਜੱਜਾਂ ਦਾ ਚੈਂਬਰ, ਫੈਮਿਲੀ ਕੋਰਟ ਰੂਮ, ਕਾਨਫਰੰਸ ਰੂਮ, ਡਿਸਪੈਂਸਰੀ ਅਤੇ ਫਾਈਲਿੰਗ ਸੈਂਟਰ ਬਣਾਏ ਗਏ ਹਨ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ, ਜਦਕਿ ਮੰਚ ਦਾ ਸੰਚਾਲਨ ਫੈਮਿਲੀ ਕੋਰਟ ਦੀ ਜੱਜ ਡਾ. ਮੋਹਿਨੀ ਨੇ ਕੀਤਾ। ਇਸ ਮੌਕੇ ’ਤੇ ਐੱਸਪੀ ਕਮਲਦੀਪ ਗੋਇਲ, ਬਿਲਾਸਪੁਰ ਦੇ ਐੱਸਡੀਐੱਮ ਜਸਪਾਲ ਸਿੰਘ ਗਿੱਲ, ਨਰਾਇਣਗੜ੍ਹ ਦੇ ਕਾਰਜਕਾਰੀ ਇੰਜਨੀਅਰ ਜਗਬੀਰ ਸਿੰਘ, ਬਾਰ ਐਸੋਸੀਏਸ਼ਨ ਜਗਾਧਰੀ ਦੇ ਭਾਨੂ ਪਰਤਾਪ ਸਿੰਘ, ਬਾਰ ਐਸੋਸੀਏਸ਼ਨ ਬਿਲਾਸਪੁਰ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ਰਮਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਵਕੀਲ ਮੌਜੂਦ ਸਨ।