ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 7 ਮਾਰਚ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕੁਰੂਕਸ਼ੇਤਰ ਵਿੱਚ ਗੀਤਾ ਗਿਆਨ ਸੰਸਥਾਨ ਕੇਂਦਰ ਵਿੱਚ ਗੀਤਾ ਅਜਾਇਬਘਰ ਦੇ ਸ਼ੁਰੂਆਤੀ ਪੜਾਅ ਦਾ ਉਦਘਾਟਨ ਕੀਤਾ।ਇਸ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਤੇ ਸਾਰੇ ਮਹਿਮਾਨਾਂ ਨੇ ਗੀਤਾ ਅਜਾਇਬਘਰ ਦਾ ਦੌਰਾ ਕੀਤਾ ਅਤੇ ਇਸ ਅਜਾਇਬਘਰ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਦੇ ਵੱਡੇ ਸਵਰੂਪ ਨੂੰ ਵੇਖ ਕੇ ਖੁਸ਼ ਹੋ ਗਏ। ਇਸ ਅਜਾਇਬਘਰ ਦੇ ਅਧਿਆਤਮਕ ਪਹਿਲੂਆਂ ਬਾਰੇ ਗੀਤਾ ਮਨੀਸ਼ੀ ਸਵਾਮੀ ਗਿਆਨੰਦ ਅਤੇ ਅਜਾਇਬਘਰ ਬਾਰੇ ਡੀਵਾਈਸੀਏ ਦੇ ਡਾਇਰੈਕਟਰ ਡਾ. ਮਹਾ ਸਿੰਘ ਪੂਨੀਆ ਨੇ ਮਹਿਮਾਨਾਂ ਨੂੰ ਵੇਰਵੇ ਸਹਿਤ ਜਾਣਕਾਰੀ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਨੇ ਨੌਜੁਆਨਾਂ ਲਈ ਲਿਖੀ ਗਏ ਪਵਿੱਤਰ ਗ੍ਰੰਥ ਦੇ ਛੋਟੇ ਰੂਪ ਦੀ ਘੁੰਡ ਚੁਕਾਈ ਵੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਜੀਓ ਗੀਤਾ ਸੰਸਥਾਨ, ਜਿਸ ਤਰ੍ਹਾਂ ਇਸ ਨਾਂਅ ਹੈ, ਉਸ ਅਨੁਸਾਰ ਇਹ ਸੰਸਕਾਨ ਗੀਤਾ ਦਾ ਸੰਦੇਸ਼ ਪੂਰੇ ਵਿਸ਼ਵ ਨੂੰ ਦੇ ਰਿਹਾ ਹੈ ਅਤੇ ਪਵਿੱਤਰ ਗ੍ਰੰਥ ਗੀਤਾ ਨੂੰ ਪੂਰੇ ਵਿਸ਼ਵ ਵਿਚ ਫੈਲਾਉਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੀਤਾ ਗਿਆਨ ਸੰਸਥਾਨ ਕੁਰੂਕਸ਼ੇਤਰ ਨੂੰ ਭਾਰਤੀ ਸਭਿਆਚਾਰ ਅਤੇ ਸਭਿਆਚਾਰ ਦੇ ਮੁੱਖ ਕੇਂਦਰ ਵੱਜੋਂ ਵਿਕਸਿਤ ਕਰਨ ਦੇ ਵਿਜਨ ਨੂੰ ਸਾਕਾਰ ਕਰਨ ਵਿਚ ਵੱਡੀ ਭੂਮਿਕਾ ਨਿਭਾ ਰਿਹਾ ਹੈ। ਕੇਂਦਰ ਤੇ ਸੂਬਾ ਸਰਕਾਰ ਕੁਰੂਕਸ਼ੇਤਰ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਸਰਕਾਰ ਦਾ ਯਤਨ ਹੈ ਕਿ ਬ੍ਰਜ ਕੋਸੀ ਯਾਤਰਾ ਦੀ ਤਰ੍ਹਾਂ 48 ਕੋਸ ਕੁਰੂਕਸ਼ੇਤਰ ਦੀ ਜਮੀਨ ਵਿਚ ਸਥਿਤ ਤੀਰਥਾਂ ਦੀ ਯਾਤਰਾ ਸ਼ੁਰੂ ਕੀਤੀ ਜਾਵੇ। ਕੁਰੂਕਸ਼ੇਤਰ ਵਿਕਾਸ ਬੋਰਡ ਵੱਲੋਂ 48 ਕੋਸ ਕੁਰੂਕਸ਼ੇਤਰ ਜ਼ਮੀਨ ਵਿਚ ਸਥਿਤ 134 ਤੀਰਥਾਂ ਦੇ ਨਾਲ-ਨਾਲ ਹੋਰ ਮਹੱਤਵਪੂਰਨ ਤੀਰਥਾਂ ਦੇ ਸਰਵੇਖਣ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ, ਇੰਨ੍ਹਾਂ ਤੀਰਥਾਂ ਦਾ ਕੁਰੂਕਸ਼ੇਤਰ ਵਿਕਾਸ ਬੋਰਡ ਵੱਲੋਂ ਵਿਕਾਸ ਵੀ ਕੀਤਾ ਜਾ ਰਿਹਾ ਹੈ। ਹੁਣ 134 ਤੀਰਥਾਂ ਦੇ ਵਿਕਾਸ ਲਈ ਸਰਕਾਰ ਬਜਟ ਵੱਧਾਉਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਭਗਵਾਨ ਸ੍ਰੀਕ੍ਰਿਸ਼ਣ ਦੇ ਦੋ ਵੱਡੇ ਮੰਦਿਰ, ਜਿੰਨ੍ਹਾਂ ਵਿਚ ਵ੍ਰੰਦਾਵਨ ਵਿਚ 65 ਏਕੜ ਵਿਚ 800 ਕਰੋੜ ਦੀ ਲਾਗਤ ਨਾਲ ਅਤੇ ਬੈਂਗਲੋਰ ਵਿਚ 700 ਕਰੋੜ ਰੁਪਏ ਦੀ ਲਾਗਤ ਨਾਲ ਬਣਾਏਗੀ। ਨਾਲ ਹੀ ਹਰਿਆਣਾ ਸਰਕਾਰ ਵੀ ਜੋਤੀਸਰ ਨੂੰ ਇਕ ਵਿਸ਼ਵ ਦਰਸ਼ਨ ਥਾਂ ਬਣਾਉਣ ਲਈ 150 ਕਰੋੜ ਰੁਪਏ ਦੀ ਰਕਮ ਖਰਚ ਕਰ ਰਹੀ ਹੈ। ਇਸ ਮੌਕੇ ਗੁਰੂ ਸ਼ਰਣਾਂਨੰਦ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਕੇਂਦਰੀ ਮੰਤਰੀ ਰਤਨ ਲਾਲ ਕਟਾਰੀਆ ਨੇ ਆਪਣੇ ਵਿਚਾਰ ਸਾਂਝੇ ਕੀਤੇ।