ਦਵਿੰਦਰ ਸਿੰਘ
ਯਮੁਨਾਨਗਰ, 16 ਅਗਸਤ
ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਅਨਾਜ ਮੰਡੀ ਰਾਦੌਰ ਵਿੱਚ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਤਹਿਤ ਆਯੋਜਿਤ ਸੁਤੰਤਰਤਾ ਦਿਵਸ ਮੌਕੇ ਕੌਮੀ ਝੰਡਾ ਲਹਿਰਾਇਆ, ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਦੀ ਸਲਾਮੀ ਲਈ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਸ਼ਹੀਦੀ ਯਾਦਗਾਰ ’ਤੇ ਸ਼ਹੀਦਾਂ ਨੂੰ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ’ਤੇ ਲੋਕ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਹੋਏ ਹਨ ਅਤੇ ਹਰ ਘਰ, ਹਰ ਦਫਤਰ ਅਤੇ ਹਰ ਹੱਥ ਵਿੱਚ ਤਿਰੰਗਾ ਵਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਣ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸੱਦੇ ’ਤੇ ਪੂਰਾ ਦੇਸ਼ ਇੱਕਮੁੱਠ ਹੋ ਕੇ ਆਜ਼ਾਦੀ ਦਾ ਮਹਾਉਤਸਵ ਮਨਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ 13 ਅਗਸਤ ਤੋਂ 15 ਅਗਸਤ ਤੱਕ ਦੇਸ਼ ਭਰ ਵਿੱਚ ਹਰ ਘਰ ਤਿਰੰਗਾ ਦੀ ਅਨੂਠੀ ਪਹਿਲ ਕੀਤੀ ਹੈ, ਜਿਸ ਦਾ ਹੁੰਗਾਰਾ ਦਿੰਦਿਆਂ ਹਰਿਆਣਾ ਦੇ ਲਗਭਗ 60 ਲੱਖ ਘਰਾਂ ’ਤੇ ਕੌਮੀ ਝੰਡਾ ਲਹਿਰਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ ਜੋ ਕਿ ਕੌਮਾਂਤਰੀ ਪੱਧਰ ’ਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਭ ਤੋਂ ਜ਼ਿਆਦਾ ਨਕਦ ਇਨਾਮ ਦੇ ਰਿਹਾ ਹੈ। ਇਸ ਮੌਕੇ ਸਾਬਕਾ ਮੰਤਰੀ ਕਰਨਦੇਵ ਕੰਬੋਜ, ਰਾਦੌਰ ਦੇ ਵਿਧਾਇਕ ਬਿਸ਼ਨ ਲਾਲ ਸੈਣੀ, ਡੀਸੀ ਪਾਰਥ ਗੁਪਤਾ, ਐੱਸਪੀ ਮੋਹਿਤ ਹਾਂਡਾ ਅਤੇ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ।
ਰਤੀਆ (ਕੇਕੇ ਬਾਂਸਲ): ਸਥਾਨਕ ਅਨਾਜ ਮੰਡੀ ਵਿਚ ਦੇਸ਼ ਦੀ ਆਜ਼ਾਦੀ ਦਾ 76ਵਾਂ ਸੁਤੰਤਰਤਾ ਦਿਵਸ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਬਵਾਨੀ ਖੇੜਾ ਵਿਧਾਨ ਸਭਾ ਇਲਾਕੇ ਤੋਂ ਵਿਧਾਇਕ ਬਿਸੰਬਰ ਵਾਲਮੀਕ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦੇ ਹੋਏ ਰਤੀਆ ਦੀ ਅਨਾਜ ਮੰਡੀ ਵਿਚ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਦੀ ਸਲਾਮੀ ਲਈ। ਪੁਲੀਸ ਅਤੇ ਕੈਡੇਟਸ ਵੱਲੋਂ ਸ਼ਾਨਦਾਰ ਪਰੇਡ ਦਾ ਮਾਰਚ ਪਾਸਟ ਕੀਤਾ ਗਿਆ।
ਜੇਲ੍ਹ ਮੰਤਰੀ ਰਣਜੀਤ ਚੌਟਾਲਾ ਨੇ ਲਹਿਰਾਇਆ ਤਿਰੰਗਾ
ਪਿਹੋਵਾ (ਸਤਪਾਲ ਸਿੰਘ): ਹਰਿਆਣਾ ਦੇ ਬਿਜਲੀ ਅਤੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਕਿਹਾ ਕਿ ਕੌਮੀ ਤਿਰੰਗਾ ਸਾਡਾ ਆਣ, ਬਾਣ ਅਤੇ ਮਾਣ ਹੈ| ਇਹ ਸਾਨੂੰ ਦੇਸ਼ ਲਈ ਜੀਉਣ ਅਤੇ ਮਰਨ ਦੀ ਪ੍ਰੇਰਨਾ ਦਿੰਦਾ ਹੈ। ਹਰ ਘਰ ’ਚ ਲਹਿਰਾਇਆ ਤਿਰੰਗਾ ਹਰ ਦੇਸ਼ ਵਾਸੀ ਨੂੰ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਲਾਸਾਨੀ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਹੈ। ਬਿਜਲੀ ਮੰਤਰੀ ਰਣਜੀਤ ਚੌਟਾਲਾ ਸੋਮਵਾਰ ਨੂੰ ਪਿਹੋਵਾ ਅਨਾਜ ਮੰਡੀ ਦੇ ਵਿਹੜੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਵਿੱਚ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਬਿਜਲੀ ਮੰਤਰੀ ਰਣਜੀਤ ਚੌਟਾਲਾ, ਡਿਪਟੀ ਕਮਿਸ਼ਨਰ ਮੁਕੁਲ ਕੁਮਾਰ, ਪੁਲੀਸ ਸੁਪਰਡੈਂਟ ਸੁਰਿੰਦਰ ਸਿੰਘ ਆਦਿ ਨੇ ਸ਼ਹੀਦੀ ਸਮਾਰਕ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ|