ਪ੍ਰਭੂ ਦਿਆਲ
ਸਿਰਸਾ, 1 ਜੁਲਾਈ
ਇੱਥੋਂ ਦੇ ਪਿੰਡ ਫਰਵਾਈਂ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਬੁਰਜਕਰਮਗੜ੍ਹ ਵਾਸੀ ਰੋਹਤਾਸ਼ ਕੁਮਾਰ ਤੇ ਰਾਜ ਕੁਮਾਰ ਵਜੋਂ ਹੋਈ ਹੈ। ਦੋਵਾਂ ਦੀਆਂ ਦੇਹਾਂ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੁਰਜਕਰਮਗੜ੍ਹ ਵਾਸੀ ਰੋਹਤਾਸ਼ ਕੁਮਾਰ ਤੇ ਰਾਜ ਕੁਮਾਰ ਮੋਟਰਸਾਈਕਲ ’ਤੇ ਪਿੰਡੋਂ ਆ ਰਹੇ ਸਨ ਤਾਂ ਪਿੰਡ ਫਰਵਾਈ ਨੇੜੇ ਬਰਨਾਲਾ ਰੋਡ ’ਤੇ ਪੰਜਾਬ ਵੱਲੋਂ ਆਉਂਦੀ ਇਨੋਵਾ ਕਾਰ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਇਨੋਵਾ ਡਰਾਈਵਰ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਪਿੰਡ ਦੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮ੍ਰਿਤਕਾਂ ਦੀਆਂ ਦੇਹਾਂ ਪੋਸਟ ਮਾਰਟਮ ਲਈ ਨਾਗਰਿਕ ਹਸਪਤਾਲ ਭਿਜਵਾਈਆਂ। ਮਾਮਲੇ ਦੀ ਜਾਂਚ ਕਰ ਰਹੇ ਸਦਰ ਥਾਣਾ ਐਸਐਚਓ ਨੇ ਦੱਸਿਆ ਕਿ ਪੁਲੀਸ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਜਿਸ ਮਗਰੋਂ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ।
ਘਟਨਾ ਨੂੰ ਅੱਖੀਂ ਵੇਖਣ ਵਾਲੇ ਲੋਕਾਂ ਤੋਂ ਇਲਾਵਾ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ’ਤੇ ਅਣਪਛਾਤੀ ਇਨੋਵਾ ਗੱਡੀ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।