ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 11 ਜੁਲਾਈ
ਡਿਪਟੀ ਕਮਿਸ਼ਨਰ ਜਗਦੀਸ਼ ਸ਼ਰਮਾ ਨੇ ਟਟਿਆਣਾ ਘੱਗਰ ਗੇਜ, ਭਾਗਲ, ਰੱਤਾਖੇੜਾ ਕਡਾਮ, ਸਿਹਾਲੀ, ਭਾਟੀਆ ਆਦਿ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਘੱਗਰ ਨਾਲ ਲੱਗਦੇ ਕਈ ਪਿੰਡ ’ਚ ਪਿੰਡਾਂ ’ਚ ਪਾਣੀ ਭਰ ਗਿਆ ਹੈ ਅਤੇ ਇਨ੍ਹਾਂ ਖੇਤਰਾਂ ਵਿੱਚ ਜੇਕਰ ਕੀਤੇ ਆਬਾਦੀ ਹੈ ਤਾਂ ਉੱਥੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਐੱਨਡੀਆਰਐੱਫ ਟੀਮ ਨਾਲ ਮਿਲ ਕੇ ਚੌਕਸੀ ਨਾਲ ਕੰਮ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹੜ੍ਹ ਵਾਲੇ ਇਲਾਕਿਆਂ ਅੰਦਰ ਡੇਰਿਆਂ ’ਚ ਘਿਰੇ ਲੋਕਾਂ ਨਾਲ ਨੂੰ 24 ਘੰਟੇ ਸੰਪਰਕ ਬਣਾਈ ਰੱਖਣ ਲਈ ਵੀ ਆਖਿਆ ਤਾਂ ਜੋ ਲੋਕਾਂ ਦੀ ਇੱਛਾ ਅਨੁਸਾਰ ਉਨ੍ਹਾਂ ਨੂੰ ਉੱਥੇ ਤੋਂ ਕੱਢ ਕੇ ਕਿਸੇ ਸੁਰੱਖਿਅਤ ਜਗ੍ਹਾ ਭੇਜਿਆ ਸਕੇ। ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਐੱਨਡੀਆਰਐੱਫ ਟੀਮ ਕਿਸ਼ਤੀ ਆਦਿ ਯੰਤਰਾਂ ਦੇ ਨਾਲ ਪਹੁੰਚ ਚੁੱਕੀ ਹੈ, ਜਿਸ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਕਿਸੇ ਵੀ ਪ੍ਰਕਾਰ ਦੀ ਸੂਚਨਾ ਲਈ ਪੁਲੀਸ ਕੰਟਰੋਲ ਰੂਮ 95011-22428, ਹੜ੍ਹ ਕੰਟਰੋਲ ਰੂਮ 9050776606 ਅਤੇ 01743221555 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੌਰਾਨ ਘੱਗਰ ਪਾਣੀ ਦਾ ਪੱਧਰ ਗੇਜ 27 ’ਤੇ ਚੱਲ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਬੱਚਿਆਂ ਅਤੇ ਪਸ਼ੂਆਂ ਨੂੰ ਘੱਗਰ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਹੜ੍ਹ ਮਾਰੇ ਖੇਤਰਾਂ ਦੇ ਦੌਰੇ ਦੌਰਾਨ ਡੀਸੀ ਜਗਦੀਸ਼ ਸ਼ਰਮਾ ਅਤੇ ਜ਼ਿਲ੍ਹਾ ਪੁਲੀਸ ਕਪਤਾਨ ਅਭਿਸ਼ੇਕ ਜੋਰਵਾਲ ਨੂੰ ਪਿੰਡ ਭੂਸਲਾ ’ਚ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਰੱਤਾਖੇੜਾ ਕੜਾਮ ਤੋਂ ਭੂੰਸਲਾ ਵੱਲੋਂ ਜਾ ਰਹੇ ਪ੍ਰਸ਼ਾਸਨ ਦੇ ਕਾਫਲੇ ਨੂੰ ਭੂਸਲਾ ਪਿੰਡ ਵਿੱਚ ਲੋਕਾਂ ਨੇ ਰੋਕ ਲਿਆ ਅਤੇ ਦੋਸ਼ ਲਾਇਆ ਕਿ ਪ੍ਰਸ਼ਾਸਨ ਜ਼ਮੀਨੀ ਪੱਧਰ ’ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਇਸ ਗੱਲ ’ਤੇ ਲੋਕਾਂ ਅਤੇ ਡਿਪਟੀ ਕਮਿਸ਼ਨਰ ਵਿਚਾਲੇ ਬਹਿਸ ਵੀ ਹੋਈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਧੋਆ ਰੋਡ ’ਤੇ ਵੀ ਹਾਲਾਤ ਦਾ ਜਾਇਜ਼ਾ ਲਿਆ ਜਾਵੇ ਪਰ ਪ੍ਰਸ਼ਾਸਨ ਇਸ ਗੱਲ ਲਈ ਤਿਆਰ ਨਹੀਂ ਸੀ ਹਾਲਾਂਕਿ ਬਾਅਦ ਵਿੱਚ ਅਧਿਕਾਰੀਆਂ ਨੇ ਗੱਲ ਮੰਨ ਲਈ। ਇਸ ਮੌਕੇ ਸਾਬਕਾ ਸਰਪੰਚ ਹਰਦੇਵ ਸਿੰਘ, ਗੋਪੀ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਅਮਰੇਂਦਰ ਸਿੰਘ, ਚਰਣਜੀਤ ਸਿੰਘ ਆਦਿ ਨੇ ਡੀਸੀ ਨੂੰ ਮੈਮੋਰੰਡਮ ਦੇਕੇ ਅਧੋਆ ਰੋਡ ’ਤੇ ਪੁਲ ਬਣਾਉਣ ਦੀ ਮੰਗ ਕੀਤੀ, ਜਿਸ ਨੂੰ ਪ੍ਰਸ਼ਾਸਨ ਨੇ ਸਵੀਕਾਰ ਕਰ ਲਿਆ।
ਵਿਧਾਇਕ ਨਾਪਾ ਵੱਲੋਂ ਹੜ੍ਹ ਰਾਹਤ ਪ੍ਰਬੰਧਾਂ ਲਈ ਮੀਟਿੰਗ
ਰਤੀਆ (ਕੇ.ਕੇ. ਬਾਂਸਲ): ਵਿਧਾਇਕ ਲਛਮਣ ਨਾਪਾ ਨੇ ਰੈਸਟ ਹਾਊਸ ’ਚ ਹੜ੍ਹ ਰੋਕੂ ਕੰਮਾਂ ਲਈ ਅਧਿਕਾਰੀਆਂ ਦੀ ਮੀਟਿੰਗ ਬੁਲਾਈ। ਇਸ ਮੌਕੇ ਐੱਸਡੀਐੱਮ ਜਗਦੀਸ਼ ਚੰਦਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਵਿਧਾਇਕ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਕਿਸੇ ਵੀ ਤਰ੍ਹਾਂ ਦੀ ਆਫ਼ਤ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਅਪਡੇਟ ਕੀਤਾ ਜਾਵੇ। ਵਿਧਾਇਕ ਨੇ ਬਚਾਓ ਕਾਰਜਾਂ ਲਈ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਅਤੇ ਪ੍ਰਭਾਵਿਤ ਅਤੇ ਸੰਭਾਵੀ ਖੇਤਰਾਂ ਦਾ ਦੌਰਾ ਕਰਕੇ ਪਿੰਡਾਂ ਅਤੇ ਢਾਣੀਆਂ ਵਿੱਚ ਪਾਣੀ ਖੜ੍ਹਾ ਨਾ ਦੇਣਾ ਯਕੀਨੀ ਬਣਾਉਣ ਲਈ ਪ੍ਰਬੰਧਾਂ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਰਤੀਆ ਕਸਬਾ ਰੰਗੋਈ ਨਾਲਾ ਅਤੇ ਘੱਗਰ ਦਰਿਆ ਦੇ ਆਲੇ-ਦੁਆਲੇ ਦੇ ਪਿੰਡਾਂ ਅਤੇ ਢਾਣੀਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਵੀ ਕਿਹਾ। ਵਿਧਾਇਕ ਨਾਪਾ ਨੇ ਕਿਹਾ ਕਿ ਪੰਪ ਸੈੱਟ, ਜਨਰੇਟਰ, ਹੋਸਟ ਅਤੇ ਹੋਰ ਸਾਜ਼ੋ ਸਾਮਾਨ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਲੋੜ ਪੈਣ ’ਤੇ ਉਪਕਰਨਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਪੰਚਾਇਤ ਵਿਭਾਗ ਅਤੇ ਸਿੰਚਾਈ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਨੰਗਲ ਕੀ ਢਾਣੀ, ਮਹਿਮਦਕੀ, ਅਹਰਵਾਂ, ਕਮਾਣਾ, ਹਡੌਲੀ, ਦਾਦੂਪੁਰ, ਕਲੋਠਾ, ਨਾਗਪੁਰ ਅਤੇ ਹੋਰ ਪ੍ਰਭਾਵਿਤ ਖੇਤਰਾਂ ਦਾ ਸਮੇਂ-ਸਮੇਂ ’ਤੇ ਦੌਰਾ ਕਰਕੇ ਹੜ੍ਹਾਂ ਤੋਂ ਬਚਾਅ ਲਈ ਯੋਗ ਕਾਰਵਾਈ ਕਰਨ ਦੀ ਹਦਾਇਤ ਵੀ ਕੀਤੀ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਜਗਦੀਸ਼ ਚੰਦਰ ਨੇ ਨਗਰ ਕੌਂਸਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਿਨਾ ਇਜਾਜ਼ਤ ਹੈੱਡਕੁਆਰਟਰ ਨਾ ਛੱਡਣ ਅਤੇ ਸਾਰਿਆਂ ਨੂੰ ਡਿਊਟੀ ’ਤੇ ਤਾਇਨਾਤ ਰਹਿਣ ਦੀ ਅਪੀਲ ਵੀ ਕੀਤੀ। ਇਸੇ ਦੌਰਾਨ ਡੀਸੀ ਮਨਦੀਪ ਕੌਰ ਤੇ ਪੁਲੀਸ ਕਪਤਾਨ ਆਸਥਾ ਮੋਦੀ ਨੇ ਅਧਿਕਾਰੀਆਂ ਨਾਲ ਰਤੀਆ ਖੇਤਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਡੀਸੀ ਮਨਦੀਪ ਕੌਰ ਨੇ ਪਿੰਡ ਅਯਾਲਕੀ ਵਿੱਚ ਰੰਗੋਈ ਨਾਲਾ, ਅਹਰਵਾਂ, ਹਮਜ਼ਾਪੁਰ, ਰਤੀਆ ਸ਼ਹਿਰ, ਘੱਗਰ ਦਰਿਆ, ਚਿੰਮੋ ਅਤੇ ਘਾਸਵਾ ਆਦਿ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਅਤੇ ਹੜ੍ਹ ਬਚਾਓ ਕਾਰਜਾਂ ਲਈ ਅਧਿਕਾਰੀਆਂ ਨੂੰ ਘੱਗਰ ਦਰਿਆ ਅਤੇ ਰੰਗੋਈ ਡਰੇਨ ਦੇ ਨਾਲ-ਨਾਲ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਡਰੇਨਾਂ, ਸਾਈਫਨਾਂ ਦੀ ਸਫਾਈ ਦੇ ਨਾਲ-ਨਾਲ ਬੰਨ੍ਹਾਂ ਨੂੰ ਮਜ਼ਬੂਤ ਰੱਖਣ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ।