ਰਤੀਆ: ਉਪ ਮੰਡਲ ਮੈਜਿਸਟਰੇਟ ਜਗਦੀਸ਼ ਚੰਦਰ ਨੇ ਆਪਣੇ ਦਫ਼ਤਰ ਵਿੱਚ ਉਪ ਮੰਡਲ ਪੱਧਰੀ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਦੇ ਮੈਂਬਰਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐੱਸਡੀਐੱਮ ਨੇ ਅਨੁਸੂਚਿਤ ਜਾਤੀ ਨਾਲ ਸਬੰਧਤ ਅੱਤਿਆਚਾਰ ਦੇ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਕਰਨ ਲਈ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਤਾਂ ਜੋ ਦੋਸ਼ੀ ਵਿਅਕਤੀ ਕਿਸੇ ਵੀ ਸੂਰਤ ਵਿੱਚ ਭੱਜ ਨਾ ਸਕਣ। ਉਨ੍ਹਾਂ ਮੈਂਬਰ ਸਕੱਤਰ ਅਤੇ ਤਹਿਸੀਲ ਭਲਾਈ ਅਫ਼ਸਰ ਨੂੰ ਹਦਾਇਤ ਕੀਤੀ ਕਿ ਅਨੁਸੂਚਿਤ ਜਾਤੀ ਦੇ ਯੋਗ ਵਿਅਕਤੀਆਂ ਨੂੰ ਦਿੱਤੀ ਜਾਂਦੀ ਸਰਕਾਰੀ ਸਹਾਇਤਾ ਰਾਸ਼ੀ ਸਮੇਂ ਸਿਰ ਪ੍ਰਾਪਤ ਕੀਤੀ ਜਾਵੇ। ਮੀਟਿੰਗ ਦੌਰਾਨ ਐੱਸ.ਡੀ.ਐੱਮ ਨੇ ਅਨੁਸੂਚਿਤ ਜਾਤੀ ਅੱਤਿਆਚਾਰ ਦੇ ਮਾਮਲਿਆਂ ਵਿੱਚ ਪੁਲੀਸ ਕਾਰਵਾਈ ਅਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਦਾ ਜਾਇਜ਼ਾ ਲਿਆ। ਐੱਸ.ਡੀ.ਐੱਮ ਜਗਦੀਸ਼ ਚੰਦਰ ਨੇ ਕਿਹਾ ਕਿ ਜੇਕਰ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨਾਲ ਕੋਈ ਬੇਇਨਸਾਫ਼ੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਜੋ ਪੀੜਤਾਂ ਅਤੇ ਪੀੜਤ ਪਰਿਵਾਰਾਂ ਨੂੰ ਬਣਦਾ ਇਨਸਾਫ਼ ਦਿਵਾਇਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਗਰੋਹਾ, ਡੀਐੱਸਪੀ ਵਰਿੰਦਰ ਸਿੰਘ, ਨਾਇਬ ਤਹਿਸੀਲਦਾਰ ਅਚਿਨ ਕਾਲਟਾ, ਤਹਿਸੀਲ ਭਲਾਈ ਅਫ਼ਸਰ ਕੰਵਲ ਸਿੰਘ, ਹਰਮੇਸ਼ ਕੁਮਾਰ ਅਤੇ ਹੋਰ ਮੈਂਬਰ ਹਾਜ਼ਰ ਸਨ। -ਪੱਤਰ ਪ੍ਰੇਰਕ