ਪੱਤਰ ਪ੍ਰੇਰਕ
ਯਮੁਨਾਨਗਰ, 8 ਮਾਰਚ
ਕੌਮਾਂਤਰੀ ਮਹਿਲਾ ਦਿਵਸ ਮੌਕੇ ਤੇ ਜਮਨਾ ਆਟੋ ਇੰਡਸਟ੍ਰੀਜ਼ ਦੇ ਸਮਾਜਿਕ ਸਰੋਕਾਰ ਸੈੱਲ ਨੇ ਪਿੰਡ ਕਲੇਸਰ ਦੇ ਸਰਕਾਰੀ ਸਕੂਲ ਵਿੱਚ ਕਲੇਸਰ, ਫੈਜਪੁਰ ਅਤੇ ਮੰਡੋਲੀ ਪਿੰਡਾਂ ਦੀਆਂ ਲੜਕੀਆਂ ਨੂੰ 115 ਸਿਲਾਈ ਮਸ਼ੀਨਾਂ ਅਤੇ 35 ਬਿਊਟੀ ਕਿੱਟਾਂ ਵੰਡੀਆਂ। ਇਸ ਮੌਕੇ ਨਾਲ ਹੀ ਅਰਾਈਆਂ ਵਾਲਾ, ਬੰਜਾਰਾ ਬਾਂਸ ਕਲੇਸਰ ਅਤੇ ਚਿਕਨ ਪਿੰਡਾਂ ਵਿੱਚ ਤਿੰਨ ਨਵੇਂ ਸਿਲਾਈ ਸੈਂਟਰ ਖੋਲ੍ਹੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਇੰਦਰਾ ਗਾਂਧੀ ਮਹਿਲਾ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਜ਼ਿਲ੍ਹਾ ਯਮੁਨਾਨਗਰ ਦੀ ਕੋਆਰਡੀਨਟਰ ਅਲਕਾ ਗਰਗ ਨੇ ਸ਼ਿਰਕਤ ਕੀਤੀ । ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਇੱਕ ਐਸਾ ਪਲੇਟਫਾਰਮ ਮੁਹੱਈਆਂ ਕਰਵਾਉਣ ਦੀ ਲੋੜ ਹੈ ਜਿੱਥੇ ਉਹ ਆਪਣੀ ਪ੍ਰਤਿਭਾ ਨਿਖਾਰ ਕੇ ਅਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਨਾਰੀ ਸੁੱਖ ਸ਼ਾਂਤੀ ਅਤੇ ਸ਼ਕਤੀ ਦਾ ਪ੍ਰਤੀਕ ਹੈ ਅਤੇ ਉਸ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਬਲਕਿ ਉਸ ਦੀ ਯੋਗਤਾ ਦੇ ਆਧਾਰ ’ਤੇ ਉਸ ਨੂੰ ਬਰਾਬਰੀ ਦੇ ਹੱਕ ਦੇਣੇ ਚਾਹੀਦੇ ਹਨ । ਵਿਸ਼ੇਸ਼ ਮਹਿਮਾਨ ਵਜੋਂ ਗੁਰੂ ਨਾਨਕ ਖਾਲਸਾ ਕਾਲਜ ਦੀ ਸੋਸ਼ਲ ਵਰਕ ਵਿਭਾਗ ਦੀ ਵਿਦਿਆਰਥਣ ਮਨੀਸ਼ਾ ਨੇ ਕਿਹਾ ਕਿ ਬੁਲੰਦੀਆਂ ਹਾਸਲ ਕਰਨ ਲਈ ਮਹਿਲਾਵਾਂ ਨੂੰ ਆਪ ਮਿਹਨਤ ਕਰਨੀ ਹੋਵੇਗੀ। ਸਮਾਗਮ ਵਿੱਚ ਮਹਿਲਾ ਅਧਿਆਪਕਾਂ, ਆਂਗਣਵਾੜੀ ਵਰਕਰਾਂ, ਮਹਿਲਾ ਸਰਪੰਚ ਅਤੇ ਸਿਖਲਾਈ ਪ੍ਰਾਪਤ ਕਰ ਰਹੀਆਂ ਸਿੱਖਿਆਰਥਣਾਂ ਨੂੰ ਮੁੱਖ ਮਹਿਮਾਨ ਅਲਕਾ ਗਰਗ ਅਤੇ ਜਮਨਾ ਆਟੋ ਇੰਡਸਟ੍ਰੀਜ਼ ਦੀ ਸਮਾਜਿਕ ਸਰੋਕਾਰ ਸੈੱਲ ਦੀ ਹੈੱਡ ਸੰਯਮ ਮਰਾਠਾ ਨੇ ਸਨਮਾਨਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਡਾ. ਉਦੇਭਾਨ ਸਿੰਘ ਨੇ ਨਿਭਾਈ । ਇਸ ਮੌਕੇ ਅਖਿਲ ਭਾਰਦਵਾਜ, ਕਪਿਲ ਮਨੀਸ਼ ਗਰਗ, ਪੁਲੀਸ ਅਧਿਕਾਰੀ ਸਤੀਸ਼ ਕੁਮਾਰ, ਕਲੇਸਰ ਦੀ ਸਰਪੰਚ ਸੰਗੀਤਾ, ਸਮਾਜ ਸੇਵੀ ਰਵਿੰਦਰ ਚੋਧਰੀ, ਛਛਰੋਲੀ ਸਕੂਲ ਦੀ ਪ੍ਰਿੰਸੀਪਲ ਪ੍ਰੇਮਲਤਾ, ਪ੍ਰਿੰਸੀਪਲ ਬਲਬੀਰ ਅਤੇ ਸੈਲਫ ਹੈਲਪ ਗਰੁੱਪ ਦੇ ਇੰਚਾਰਜ ਦੇਵਿੰਦਰ ਸ਼ਰਮਾ ਅਤੇ ਜਮਨਾ ਆਟੋ ਇੰਡਸਟ੍ਰੀਜ਼ ਦੇ ਹੋਰ ਅਧਿਕਾਰੀ ਮੌਜੂਦ ਸਨ।