ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 28 ਅਗਸਤ
ਅੰਬਾਲਾ ਦੇ ਸਿਹਤ ਵਿਭਾਗ ਦੀ ਪੰਜ ਮੈਂਬਰੀ ਟੀਮ ਨੇ ਅੰਮ੍ਰਿਤਸਰ (ਪੰਜਾਬ) ਵਿੱਚ ਭਰੂਣ ਲਿੰਗ ਜਾਂਚ ਕਰਨ ਵਾਲੇ ਇੱਕ ਅਲਟਰਾਸਾਊਂਡ ਕੇਂਦਰ ’ਤੇ ਛਾਪਾ ਮਾਰ ਕੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਟੀਮ ਦੀ ਸ਼ਿਕਾਇਤ ’ਤੇ ਅੰਮ੍ਰਿਤਸਰ ਵਿੱਚ ਚਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ। ਟੀਮ ਦੀ ਅਗਵਾਈ ਕਰ ਰਹੀ ਡਾ. ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਇੱਕ ਅਲਟਰਾਸਾਊਂਡ ਕੇਂਦਰ ’ਤੇ ਵੱਡੀ ਰਕਮ ਲੈ ਕੇ ਭਰੂਣ ਲਿੰਗ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਪੰਜ ਮੈਂਬਰੀ ਟੀਮ ਬਣਾਈ ਗਈ, ਜੋ ਵੀਰਵਾਰ ਤੋਂ ਹੀ ਅੰਮ੍ਰਿਤਸਰ ਵਿੱਚ ਡੇਰਾ ਲਾ ਕੇ ਬੈਠੀ ਸੀ। ਡਾ. ਬਲਵਿੰਦਰ ਕੌਰ ਨੇ ਦੱਸਿਆ ਕਿ ਇਕ ਮਹਿਲਾ ਇਸ ਛਾਪੇ ਵਿਚ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹੋ ਗਈ। ਉਹ ਮਹਿਲਾ ਨੂੰ ਲੈ ਕੇ ਨਕੋਦਰ ਪਹੁੰਚੇ ਜਿੱਥੋਂ ਦਲਾਲ ਨੀਲਮ ਅਤੇ ਉਸ ਦਾ ਪਤੀ ਸਤਨਾਮ ਗਰਭਵਤੀ ਮਹਿਲਾ ਨੂੰ ਲੈ ਕੇ ਅੰਮ੍ਰਿਤਸਰ ਵਿਚ ਡਾ. ਸੋਨੂੰ ਅਰੋੜਾ ਨਾਂ ਦੇ ਵਿਅਕਤੀ ਕੋਲ ਪਹੁੰਚੇ। ਸੋਨੂੰ ਨੇ ਇਸ ਕੰਮ ਲਈ 40 ਹਜ਼ਾਰ ਰੁਪਏ ਮੰਗੇ ਅਤੇ ਮਹਿਲਾ ਨੂੰ ਗੌਰਵ ਅਲਟਰਾਸਾਊਂਡ ਕੇਂਦਰ ’ਤੇ ਲੈ ਗਿਆ, ਜਿੱਥੇ ਡਾ. ਸੁਭਾਸ਼ ਨੇ ਮਹਿਲਾ ਦਾ ਅਲਟਰਾਸਾਊਂਡ ਕੀਤਾ। ਇਲਾਕੇ ਦੇ ਡੀ ਡਿਵੀਜ਼ਨ ਥਾਣੇ ਵਿਚ ਮਾਮਲਾ ਦਰਜ ਕਰਵਾਉਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ।