ਰਤਨ ਸਿੰਘ ਢਿੱਲੋਂ
ਅੰਬਾਲਾ, 16 ਮਈ
ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅੰਤਰਰਾਜੀ ਮੋਟਰਸਾਈਕਲ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਦੇ ਐਂਟੀ-ਵਹੀਕਲ ਥੈਫਟ ਸੈੱਲ ਨੇ ਸੂਚਨਾ ਦੇ ਆਧਾਰ ’ਤੇ 11 ਮਈ ਨੂੰ ਸਬ ਇੰਸਪੈਕਟਰ ਖ਼ੁਸ਼ੀ ਰਾਮ ਦੀ ਅਗਵਾਈ ਹੇਠ ਅੰਬਾਲਾ ਸ਼ਹਿਰ ਦੇ ਪੁਰਾਣੇ ਹਸਪਤਾਲ ਲਾਗਿਓਂ ਮੁਲਜ਼ਮ ਠਾਕਰ ਕਪੂਰ ਅਤੇ ਗੁਰਪ੍ਰੀਤ ਸਿੰਘ ਗੁਰੀ ਨੂੰ ਸਭ ਤੋਂ ਮਹਿੰਗੇ ਮੋਟਰਸਾਈਕਲ ਕੇਟੀਐੱਮ ਸਮੇਤ ਗ੍ਰਿਫ਼ਤਾਰ ਕਰ ਕੇ ਥਾਣਾ ਅੰਬਾਲਾ ਸ਼ਹਿਰ ਵਿੱਚ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਹਿੰਗਾ ਮੋਟਰਸਾਈਕਲ ਮੁਹਾਲੀ ਤੋਂ ਚੋਰੀ ਕੀਤਾ ਸੀ। ਉਨ੍ਹਾਂ ਪੰਜੋਖਰਾ ਥਾਣੇ ਵਿੱਚ ਦਰਜ ਮੋਟਰਸਾਈਕਲ ਚੋਰੀ ਦਾ ਮਾਮਲਾ ਵੀ ਕਬੂਲ ਕੀਤਾ ਹੈ। ਅਦਾਲਤ ਨੇ ਦੋਵਾਂ ਦਾ ਦੋ ਦਿਨਾ ਰਿਮਾਂਡ ਮਨਜ਼ੂਰ ਕੀਤਾ ਅਤੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
ਐੱਸਪੀ ਅੰਬਾਲਾ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਮੁਲਜ਼ਮ ਲਾਲੜੂ, ਡੇਰਾਬੱਸੀ, ਮੁਹਾਲੀ, ਹੰਡੇਸਰਾ ਅਤੇ ਅੰਬਾਲਾ ਖੇਤਰ ਵਿੱਚੋਂ ਮੋਟਰਸਾਈਕਲ ਚੋਰੀ ਕਰ ਕੇ ਨਾਲ ਲੱਗਦੇ ਪਿੰਡਾਂ ਖਤੌਲੀ ਅਤੇ ਮੰਡੌਰ ਵਿੱਚ ਆਪਣੇ ਜਾਣਕਾਰਾਂ ਦੇ ਘਰਾਂ ਕੋਲ ਇਹ ਕਹਿ ਕੇ ਖੜ੍ਹੇ ਕਰ ਦਿੰਦੇ ਸਨ ਕਿ ਉਹ ਇਹ ਮੋਟਰਸਾਈਕਲ ਵੇਚਣ ਲਈ ਖ਼ਰੀਦ ਕੇ ਲਿਆਏ ਹਨ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਜਿਸ ਮੋਟਰਸਾਈਕਲ ਨੂੰ ਉਨ੍ਹਾਂ ਦੀ ਚਾਬੀ ਲੱਗ ਜਾਂਦੀ ਸੀ, ਉਹ ਉਸੇ ਨੂੰ ਚੋਰੀ ਕਰ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਚੋਰੀ ਕੀਤੇ 4-5 ਮੋਟਰਸਾਈਕਲ ਕਿਸੇ ਹੋਰ ਨੇ ਅੱਗੇ ਚੋਰੀ ਕਰ ਲਏ ਹਨ।
ਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਚੋਰੀ ਦੀਆਂ 28 ਵਾਰਦਾਤਾਂ ਨੂੰ ਅੰਜਾਮ ਦੇਣਾ ਕਬੂਲ ਕੀਤਾ ਹੈ ਜਿਨ੍ਹਾਂ ਵਿੱਚੋਂ 22 ਮੋਟਰ ਸਾਈਕਲ ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਗ੍ਰਿਫ਼ਤਾਰ ਕਰਕੇ ਹੋਰ ਮੋਟਰਸਾਈਕਲ ਵੀ ਬਰਾਮਦ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅੰਬਾਲਾ ਅਤੇ ਪੰਜੋਖਰਾ ਦੇ ਥਾਣਿਆਂ ਵਿੱਚ ਦਰਜ ਮੋਟਰਸਾਈਕਲ ਚੋਰੀ ਦੇ 9 ਮਾਮਲੇ ਸੁਲਝਾ ਲਏ ਗਏ ਹਨ। ਬਰਾਮਦ ਕੀਤੇ ਗਏ ਮੋਟਰਸਾਈਕਲਾਂ ਵਿੱਚ 5 ਕਰੀਬ 1 ਲੱਖ 80 ਹਜ਼ਾਰ ਰੁਪਏ ਮੁੱਲ ਵਾਲੇ ਹਨ ਜਿਨ੍ਹਾਂ ਵਿੱਚੋਂ 2 ਬੁਲੇਟ, 2 ਪਲਸਰ ਅਤੇ ਇੱਕ ਕੇਟੀਐੱਮ ਮੋਟਰਸਾਈਕਲ ਹੈ ਜਦਕਿ ਬਾਕੀ 17 ਮੋਟਰਸਾਈਕਲ ਵੀ 70-80 ਹਜ਼ਾਰ ਰੁਪਏ ਦੀ ਕੀਮਤ ਵਾਲੇ ਹਨ ਜਦਕਿ ਅਜੇ 6 ਹੋਰ ਮੋਟਰਸਾਈਕਲ ਬਰਾਮਦ ਕਰਨੇ ਬਾਕੀ ਹਨ।