ਰਤਨ ਿਸੰਘ ਢਿੱਲੋਂ
ਅੰਬਾਲਾ, 22 ਮਈ
ਅੰਬਾਲਾ-ਦਿੱਲੀ ਕੌਮੀ ਮਾਰਗ ’ਤੇ ਮੌਹੜਾ ਕੋਲ ਬੀਤੀ ਸ਼ਾਮ ਕਥਿਤ ਸ਼ਰਾਬ ਦੇ ਨਸ਼ੇ ਨਾਲ ਟੁੰਨ ਦੋ ਲੜਕੀਆਂ ਨੇ ਆਪਣੀ ਰੇਂਜਰੋਵਰ ਸੜਕ ’ਤੇ ਖੜ੍ਹੀ ਇੱਕ ਹੋਰ ਕਾਰ ਵਿੱਚ ਜਾ ਮਾਰੀ। ਹਾਦਸੇ ਵਿੱਚ ਮੋਹਿਤ ਸ਼ਰਮਾ (39) ਵਾਸੀ ਰਾਜਪੁਰ (ਹਿਮਾਚਲ) ਦੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਦੀਪਤੀ (35) ਅਤੇ ਦੋ ਧੀਆਂ ਆਰੋਹੀ (8) ਅਤੇ ਆਸ਼ਵੀ (9 ਮਹੀਨੇ) ਜ਼ਖ਼ਮੀ ਹੋ ਗਈਆਂ। ਪੁਲੀਸ ਨੇ ਰੇਂਜਰੋਵਰ ਕਾਰ ਚਲਾ ਰਹੀ ਲੜਕੀ ਵਰੀਅਤਾ ਜਾਗਲਾਨ ਅਤੇ ਉਸ ਦੀ ਸਾਥਣ ਸ਼੍ਰੇਆ ਵਾਸੀ ਪਾਣੀਪਤ ਖ਼ਿਲਾਫ਼ ਧਾਰਾ 337/304 ਤਹਿਤ ਕੇਸ ਦਰਜ ਕਰ ਕੇ ਦੇਰ ਰਾਤ ਸਿਵਲ ਹਸਪਤਾਲ ਅੰਬਾਲਾ ਛਾਉਣੀ ਵਿੱਚ ਮੈਡੀਕਲ ਕਰਵਾਇਆ ਅਤੇ ਅੱਜ ਸਵੇਰੇ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਦੋਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੀਪਤੀ ਨੇ ਦੱਸਿਆ ਕਿ ਉਹ ਆਪਣੀ ਗੱਡੀ ’ਚ ਦਿੱਲੀ ਤੋਂ ਕਾਂਗੜਾ ਜਾ ਰਹੇ ਸਨ। ਜੀਟੀ ਰੋਡ ’ਤੇ ਮੌਹੜਾ ਕੋਲ ਗੱਡੀ ਖੜ੍ਹੀ ਕਰ ਕੇ ਜਦੋਂ ਉਸ ਦਾ ਪਤੀ ਪਾਣੀ ਪੀਣ ਲੱਗਾ ਤਾਂ ਗੁਰੂਗਰਾਮ ਨੰਬਰ (ਐੱਚਆਰ-26ਏਏ-0001) ਦੀ ਰੇਂਜਰੋਵਰ ਉਨ੍ਹਾਂ ਦੀ ਗੱਡੀ ’ਚ ਆ ਵੱਜੀ। ਦੀਪਤੀ ਅਨੁਸਾਰ ਰੇਂਜਰੋਵਰ ਦੀ ਚਾਲਕ ਵਰੀਅਤਾ ਉਸ ਵੇਲੇ ਸ਼ਰਾਬ ਦੇ ਨਸ਼ੇ ਵਿੱਚ ਟੁੰਨ ਸੀ। ਇਸ ਹਾਦਸੇ ਵਿੱਚ ਉਸ ਦੇ ਪਤੀ ਮੋਹਿਤ ਸ਼ਰਮਾ ਦੀ ਮੌਤ ਹੋ ਗਈ ਜਦੋਂ ਕਿ ਉਹ ਅਤੇ ਉਸ ਦੀਆਂ ਦੋ ਧੀਆਂ ਆਰੋਹੀ ਤੇ ਅਸ਼ਵੀ ਜ਼ਖ਼ਮੀ ਹੋ ਗਈਆਂ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮੋਹਿਤ ਦੀ ਲਾਸ਼ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਅੰਬਾਲਾ ਛਾਉਣੀ ਪਹੁੰਚਾਇਆ। ਜਦੋਂ ਪੁਲੀਸ ਰੇਂਜਰੋਵਰ ਸਵਾਰ ਦੋਵਾਂ ਲੜਕੀਆਂ ਨੂੰ ਮੌਕੇ ਤੋਂ ਕਾਬੂ ਕਰ ਕੇ ਲਿਆਉਣ ਲੱਗੀ ਤਾਂ ਨਸ਼ੇ ਵਿਚ ਟੁੰਨ ਵਰੀਅਤਾ ਨੇ ਸਬ-ਇੰਸਪੈਕਟਰ ਸੁਨੀਲ ਕੁਮਾਰ ’ਤੇ ਹੱਥ ਵੀ ਚੁੱਕਿਆ। ਸਿਵਲ ਹਸਪਤਾਲ ਪਹੁੰਚ ਕੇ ਲੜਕੀਆਂ ਨੇ ਡਰਾਮਾ ਕੀਤਾ ਅਤੇ ਆਪਣੇ ਮਾਪਿਆਂ ਤੇ ਵਕੀਲ ਦੇ ਆਉਣ ਤੱਕ ਕੁਝ ਵੀ ਦੱਸਣ ਤੋਂ ਮਨ੍ਹਾਂ ਕਰ ਦਿੱਤਾ। ਮੌਕੇ ’ਤੇ ਪਹੁੰਚੇ ਛਾਉਣੀ ਥਾਣਾ ਇੰਚਾਰਜ ਰਮੇਸ਼ ਕੁਮਾਰ ਨੇ ਲੜਕੀਆਂ ਨੂੰ ਦੇਰ ਰਾਤ ਪੀਸੀਆਰ ’ਚੋਂ ਉਤਾਰਿਆ ਅਤੇ ਮੈਡੀਕਲ ਲਈ ਹਸਪਤਾਲ ਅੰਦਰ ਲੈ ਕੇ ਗਏ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੁਲਜ਼ਮ ਲੜਕੀ ਦੇ ਮਾਤਾ-ਪਿਤਾ ਵੀ ਅੰਬਾਲਾ ਛਾਉਣੀ ਪਹੁੰਚ ਗਏ ਅਤੇ ਦੱਸਿਆ ਕਿ ਦੋਵੇਂ ਲੜਕੀਆਂ ਝੂਠ ਬੋਲ ਕੇ ਘਰੋਂ ਅੰਬਾਲਾ ਲਈ ਨਿਕਲੀਆਂ ਸਨ। ਪੁਲੀਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮੋਹਿਤ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਅਤੇ ਲੜਕੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਜੇਲ੍ਹ ਭੇਜ ਦਿੱਤਾ।