ਪ੍ਰਭੂ ਦਿਆਲ
ਸਿਰਸਾ, 14 ਅਕਤੂੁਬਰ
ਇਨੈਲੋ ਦੇ ਮੁੱਖ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਏਲਨਾਬਾਦ ਜ਼ਿਮਨੀ ਚੋਣ ਸਿਰਫ ਵਿਧਾਨ ਸਭਾ ਮੈਂਬਰ ਬਣਨ ਦਾ ਨਹੀਂ ਸਗੋਂ ਇਸ ਗੱਲ ਦਾ ਫ਼ੈਸਲਾ ਵੀ ਕਰੇਗੀ ਕਿ ਹਲਕੇ ਦੇ ਵੋਟਰ ਤਿੰਨ ਖੇਤੀ ਕਾਨੂੰਨ ਚਾਹੁੰਦੇ ਹਨ ਜਾਂ ਨਹੀਂ।
ਉਨ੍ਹਾਂ ਪਿੰਡ ਆਰਨੀਆਂਵਾਲੀ, ਰੰਧਾਵਾ, ਰੁਪਾਣਾ, ਦੜ੍ਹਬਾ, ਨਿਰਬਾਣ, ਰੂਪਾਵਾਸ, ਰਾਏਪੁਰੀਆ, ਬਰਾਸਰੀ, ਜੋੜਕੀਆਂ, ਜਮਾਲ, ਕੁਤਾਨਾ ਅਤੇ ਢੂਕੜਾ ਵਿੱਚ ਰੈਲੀਆਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਕਿਸਾਨ ਪਿਛਲੇ ਦਸ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਦਿੱਲੀ, ਯੂਪੀ ਰਾਜਸਥਾਨ ਦੀਆਂ ਹੱਦਾਂ ਉੱਤੇ ਬੈਠ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਲੜ ਰਹੇ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਕਾਨੂੰਨ ਰੱਦ ਨਾ ਕਰ ਕੇ ਕਿਸਾਨਾਂ ਦੇ ਸਬਰ ਦੀ ਪ੍ਰੀਖਿਆ ਲੈ ਰਹੀ ਹੈ। ਏਲਨਾਬਾਦ ਜ਼ਿਮਨੀ ਚੋਣ ਦਾ ਪ੍ਰਭਾਵ ਆਉਣ ਵਾਲੇ ਸਮੇਂ ਵਿੱਚ ਪੰਜਾਬ, ਯੂਪੀ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਵੀ ਪਵੇਗਾ। ਜੇਕਰ ਖੇਤਰ ਦੇ ਵੋਟਰ ਇਸ ਵਾਰ ਖੁੰਝ ਗਏ ਤਾਂ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੂਰਾ ਇਲਾਕਾ ਖੇਤੀ ਉੱਤੇ ਆਧਾਰਿਤ ਹੈ ਪਰ ਕੇਂਦਰ ਸਰਕਾਰ ਇਲਾਕੇ ਦੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਇਨ੍ਹਾਂ ਕਾਨੂੰਨਾਂ ਰਾਹੀਂ ਬਰਬਾਦ ਕਰਨਾ ਚਾਹੁੰਦੀ ਹੈ ਪਰ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਖੇਤਰ ਦੇ ਲੋਕ ਸਰਕਾਰ ਨੂੰ ਸਬਕ ਸਿਖਾਉਣਗੇ।