ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਸਤੰਬਰ
ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਬੁਲਾਰੇ ਤੇ ਸਾਬਕਾ ਵਿਧਾਇਕ ਅਨਿਲ ਧੰਨਤੋੜੀ ਨੇ ਸਥਾਨਕ ਮੁੱਦਿਆਂ ਨੂੰ ਲੈ ਕੇ ਵਿਧਾਇਕ ਰਾਮ ਕਰਨ ਕਾਲਾ ਤੋਂ ਅਸਤੀਫ਼ੇ ਦੀ ਮੰਗ ਕੀਤੀ ਸੀ। ਇਸ ’ਤੇ ਵਿਧਾਇਕ ਨੇ ਧੰਨਤੋੜੀ ਨੂੰ ਰਾਜਨੀਤੀ ਛੱਡ ਘਰ ਬੈਠਣ ਦੀ ਸਲਾਹ ਦਿੱਤੀ ਸੀ ਤੇ ਇਹ ਵੀ ਕਿਹਾ ਸੀ ਕਿ ਜੇ ਉਹ ਕਾਂਗਰਸ ਵਿਚ ਆਉਂਦੇ ਹਨ ਤਾਂ ਉਸ ਨੂੰ ਸ਼ਾਹਬਾਦ ਛੱਡਣਾ ਪਵੇਗਾ। ਇਸ ’ਤੇ ਅੱਜ ਧੰਨਤੋੜੀ ਨੇ ਸਥਾਨਕ ਆਰਾਮ ਘਰ ਵਿਚ ਕਾਂਗਰਸੀ ਕਾਰਕੁਨਾਂ ਦੀ ਬੈਠਕ ਵਿਚ ਕਿਹਾ ਕਿ ਉਹ ਅਜੇ ਵੀ ਸ਼ਾਹਬਾਦ ਵਿਚ ਹਨ ਤੇ ਇੱਥੇ ਹੀ ਰਹਿਣਗੇ।
ਉਨ੍ਹਾਂ ਕਿਹਾ ਕਿ ਜੇ ਵਿਧਾਇਕ ਰਾਮ ਕਰਨ ਕਾਲਾ ਜਜਪਾ ਛੱਡ ਕੇ ਕਾਂਗਰਸ ਵਿਚ ਆਉਂਦੇ ਹਨ ਤਾਂ ਉਨ੍ਹਾਂ ਦਾ ਸੁਆਗਤ ਹੈ। ਸ੍ਰੀ ਧੰਨਤੋੜੀ ਨੇ ਕਿਹਾ ਕਿ ਕੇਂਦਰ ਨੇ ਅਨਲੌਕ-4 ਦੇ ਦੌਰਾਨ ਸਾਰੇ ਸੂਬਿਆਂ ਵਿਚ ਲੌਕਡਾਊਨ ਲਾਗੂ ਨਹੀਂ ਹੋਣ ਦਾ ਆਦੇਸ਼ ਨਹੀਂ ਸੀ ਦਿੱਤਾ ਅਜਿਹੇ ਵਿਚ ਵਿਧਾਇਕ ਰਾਮ ਕਰਨ ਕਾਲਾ ਦੁਕਾਨਾਂ ਖੋਲ੍ਹਣ ਦੇ ਆਦੇਸ਼ ਆਉਣ ਦੀ ਝੂਠੀ ਵਾਹੋਵਾਹੀ ਖੱਟ ਰਹੇ ਹਨ।
ਉਨ੍ਹਾਂ ਕਿਹਾ ਕਿ ਜਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਵੱਡੇ ਵੱਡੇ ਐਲਾਨ ਕੀਤੇ ਸਨ ਜੋ ਗੁਮਰਾਹਕੁੰਨ ਹੀ ਨਿਕਲੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਪ੍ਰਣਵ ਮੁਖਰਜੀ ਦੀ ਮੌਤ ’ਤੇ ਸ਼ੋਕ ਪ੍ਰਗਟ ਕੀਤਾ।