ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 28 ਅਗਸਤ
ਸੰਨ 1996 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਲਗਾਤਾਰ ਮੈਂਬਰ ਰਹੇ ਜਥੇਦਾਰ ਭੁਪਿੰਦਰ ਸਿੰਘ ਅਸੰਧ ਇੱਕ ਵਾਰ ਫਿਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ ਪ੍ਰਧਾਨਗੀ ਦਾ ਅਹੁਦਾ ਸੰਭਾਲਣਗੇ। ਕੁਰੂਕਸ਼ੇਤਰ ਡੀਸੀ ਦਫ਼ਤਰ ਵਿੱਚ ਅੱਜ ਹੋਈ ਮੀਟਿੰਗ ਵਿੱਚ ਕਮੇਟੀ ਦੇ 40 ਨਵ-ਨਿਯੁਕਤ ਮੈਂਬਰ ਸ਼ਾਮਲ ਹੋਏ। ਇੱਥੇ ਡੀਸੀ ਸੁਸ਼ੀਲ ਸਾਰਵਾਨ ਦੀ ਪ੍ਰਧਾਨਗੀ ਹੇਠ ਹਰਿਆਣਾ ਕਮੇਟੀ ਦੇ ਪ੍ਰਧਾਨ ਅਤੇ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਸ ਮੌਕੇ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੂੰ ਸਰਬਸੰਮਤੀ ਨਾਲ ਲਗਾਤਾਰ ਦੂਜੀ ਵਾਰ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ।
ਇਸ ਦੇ ਨਾਲ ਹੀ ਅੰਬਾਲਾ ਤੋਂ ਸੁਦਰਸ਼ਨ ਸਿੰਘ ਸਹਿਗਲ ਨੂੰ ਸੀਨੀਅਰ ਮੀਤ ਪ੍ਰਧਾਨ, ਕੁਰੂਕਸ਼ੇਤਰ ਤੋਂ ਬੀਬੀ ਰਵਿੰਦਰ ਕੌਰ ਅਜਰਾਣਾ ਨੂੰ ਜੂਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਮੰਡੇਬਰ ਨੂੰ ਜਨਰਲ ਸਕੱਤਰ, ਗੁਲਾਬ ਸਿੰਘ ਮੂਨਕ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਪਰਮਜੀਤ ਸਿੰਘ ਮੱਕੜ ਕੁਰੂਕਸ਼ੇਤਰ, ਜਗਸੀਰ ਸਿੰਘ ਮਾਂਗੇਆਣਾ, ਤਰਵਿੰਦਰਪਾਲ ਸਿੰਘ ਅੰਬਾਲਾ, ਬੀਬੀ ਪਰਮਿੰਦਰ ਕੌਰ ਜੀਂਦ ਅਤੇ ਗੁਰਪ੍ਰਸਾਦ ਸਿੰਘ ਫਰੀਦਾਬਾਦ ਨੂੰ ਕਾਰਜਕਾਰਨੀ ਮੈਂਬਰ ਚੁਣਿਆ ਗਿਆ ਹੈ। ਕਾਰਜਕਾਰਨੀ ਕਮੇਟੀ ਦੀ ਚੋਣ ਉਪਰੰਤ ਸਮੂਹ ਅਹੁਦੇਦਾਰ ਅਤੇ ਮੈਂਬਰ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ ਪੁੱਜੇ| ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਉਪਰੰਤ ਪ੍ਰਧਾਨ ਅਸੰਧ ਨੇ ਸਮੂਹ ਮੈਂਬਰਾਂ ਅਤੇ ਪ੍ਰਬੰਧਕੀ ਕਮੇਟੀ ਦੇ ਅਧਿਕਾਰੀਆਂ ਨੂੰ ਸਿੱਖ ਕੌਮ ਅਤੇ ਸੰਸਥਾ ਦੇ ਹਿੱਤ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਦੌਰਾਨ ਬੀਬੀ ਰਵਿੰਦਰ ਕੌਰ ਅਜਰਾਣਾ ਨੇ ਲਗਾਤਾਰ ਦੂਜੀ ਵਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਣਨ ’ਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਕਮੇਟੀ ਅਧੂਰੇ ਪਏ ਕੰਮਾਂ ਨੂੰ ਹੁਲਾਰਾ ਦੇਵੇਗੀ ਅਤੇ ਸਾਰੇ ਪ੍ਰਾਜੈਕਟਾਂ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੰਸਥਾ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਵੀ ਸਾਰਥਕ ਕੰਮ ਕੀਤੇ ਜਾਣਗੇ।
ਕਾਰਜਕਾਰਨੀ ਕਮੇਟੀ ਦੀ ਮੀਟਿੰਗ ਭਲਕੇ ਬੁਲਾਈ : ਪ੍ਰਧਾਨ
ਕਮੇਟੀ ਦੇ ਮੁੱਖ ਦਫਤਰ ਵਿੱਚ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਜਥੇਬੰਦੀ ਸਿੱਖ ਕੌਮ ਦੀ ਭਲਾਈ ਲਈ ਵਚਨਬੱਧ ਹੈ। ਸੰਸਥਾ ਅਧੀਨ ਚੱਲ ਰਹੇ ਗੁਰਦੁਆਰਿਆਂ ਦੇ ਬਾਕੀ ਰਹਿੰਦੇ ਕੰਮ ਵੀ ਜਲਦੀ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ 30 ਅਗਸਤ ਨੂੰ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ।