ਪੱਤਰ ਪ੍ਰੇਰਕ
ਯਮੁਨਾਨਗਰ, 2 ਦਸੰਬਰ
ਹਰਿਆਣਾ ਸਕੂਲ ਅਧਿਆਪਕ ਸੰਘ ਸੰਬਧਤ ਸਰਵ ਕਰਮਚਾਰੀ ਸੰਘ ਯਮੁਨਾਨਗਰ ਦੇ ਜ਼ਿਲ੍ਹਾ ਪਰਧਾਨ ਸੰਜੇ ਕੰਬੋਜ ਦੀ ਅਗਵਾਈ ਵਿੱਚ ਸਾਲ 2017 ਵਿੱਚ ਲੱਗੇ ਜੇਬੀਟੀ ਅਧਿਆਪਕਾਂ ਨੇ ਸਥਾਈ ਜ਼ਿਲ੍ਹੇ ਦੀ ਵੰਡ ਸਬੰਧੀ ਸਿੱਖਿਆ ਮੰਤਰੀ ਦੀ ਰਿਹਾਇਸ਼ ’ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਸੰਜੇ ਕੰਬੋਜ ਨੇ ਕਿਹਾ ਸਨ 2017 ਵਿੱਚ ਲੱਗੇ ਜੇਬੀਟੀ ਅਧਿਆਪਕ ਜਿਨ੍ਹਾਂ ਵਿੱਚ 1200 ਅਧਿਆਪਕ ਯਮੁਨਾਨਗਰ ਦੇ ਹਨ ਤੇ ਜ਼ਿਆਦਾਤਰ ਮਹਿਲਾਵਾਂ ਹਨ, ਆਪਣੀਆਂ ਸੇਵਾਵਾਂ ਦੂਰ ਜ਼ਿਲ੍ਹਿਆਂ ਵਿੱਚ ਦੇ ਰਹੇ ਹਨ। ਸਾਲ 2017 ਵਿੱਚ ਨਿਯੁਕਤੀ ਦੇ ਸਮੇਂ ਅਸਥਾਈ ਜ਼ਿਲ੍ਹਿਆਂ ’ਚ ਤਾਇਨਾਤ ਕਰ ਕੇ ਇਨ੍ਹਾਂ ਅਧਿਆਪਕਾਂ ਨੂੰ ਜਲਦੀ ਸਥਾਈ ਜ਼ਿਲ੍ਹਿਆਂ ਵਿੱਚ ਤਾਇਨਾਤ ਕਰਨ ਦੀ ਭਰੌਸਾ ਦਿੱਤਾ ਗਿਆ ਸੀ, ਪਰ 4 ਸਾਲ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਨੂੰ ਸਥਾਈ ਜ਼ਿਲ੍ਹੇ ਨਹੀਂ ਦਿੱਤੇ ਗਏ ਜਿਸ ਕਰਕੇ ਇਨ੍ਹਾਂ ਦਾ ਪਰਿਵਾਰਕ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਅਧਿਆਪਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਸਾਬਕਾ ਪ੍ਰਧਾਨ ਰਾਕੇਸ਼ ਧਨਖੜ ਦਾ ਕਹਿਣਾ ਸੀ ਕਿ ਸਿੱਖਿਆ ਮੰਤਰੀ ਨਾਲ ਇਸ ਮਸਲੇ ’ਤੇ ਕਈ ਵਾਰ ਗੱਲ ਹੋਈ ਹੈ ਪਰ ਭਰੌਸੇ ਤੋਂ ਸਿਵਾਏ ਕੁਝ ਵੀ ਨਹੀਂ ਮਿਲਿਆ। ਬਲਾਕ ਜਗਾਧਰੀ ਦੇ ਪਰਧਾਨ ਸੰਦੀਪ ਪਿਲਾਨੀਆਂ ਨੇ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਅਧਿਆਪਕਾਂ ਨੂੰ ਸਥਾਈ ਜ਼ਿਲ੍ਹੇ ਦਿੱਤੇ ਜਾਂਦੇ ਹਨ ਤਾਂ ਗੈਸਟ ਟੀਚਰਾਂ ਲਈ ਵੀ ਆਪਣਿਆਂ ਜ਼ਿਲ੍ਹਿਆਂ ਵਿੱਚ ਤਾਇਨਾਤੀ ਦਾ ਰਸਤਾ ਬਣੇਗਾ ਅਤੇ ਉਹ ਵੀ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਰਹਿ ਕੇ ਆਪਣੀਆਂ ਸੇਵਾਵਾਂ ਦੇ ਸਕਣਗੇ। ਇਸ ਮੌਕੇ ਅਮਿਤ ਖਰਬ, ਕੁਲਦੀਪ ਸਿਵਾਚ, ਜਿਓਤੀ, ਲਲਿਤਾ, ਰਾਕੇਸ਼, ਸਰੋਜ, ਗੌਤਮ, ਪਰਵੀਨ ਹੂਡਾ, ਰਾਜੇਸ਼ ਕੁਮਾਰ, ਜਤਿੰਦਰ ਢਿੱਲੋਂ ਅਤੇ ਹੋਰ ਅਧਿਆਪਕ ਸ਼ਾਮਲ ਸਨ।