ਪੱਤਰ ਪ੍ਰੇਰਕ
ਫਰੀਦਾਬਾਦ, 3 ਜੂਨ
ਜੇਸੀ ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ, ਵਾਈਐੱਮਸੀਏ, ਫਰੀਦਾਬਾਦ ਨੂੰ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਆਪਣੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ (ਐੱਨਐੱਮਈਆਈਸੀਟੀ) ਦੁਆਰਾ ਵਰਚੁਅਲ ਲੈਬਾਰਟਰੀਆਂ ਦੇ ਨੋਡਲ ਸੈਂਟਰ ਵਜੋਂ ਸਥਾਪਤ ਕੀਤਾ ਹੈ। ਇੱਕ ਵਰਚੁਅਲ ਪ੍ਰਯੋਗਸ਼ਾਲਾ ਸਿੱਖਣ ਤੇ ਪ੍ਰਯੋਗ ਲਈ ਇੱਕ ਸਾਧਨ ਹੈ, ਜੋ ਵਿਦਿਆਰਥੀਆਂ ਨੂੰ ਗਿਆਨ, ਡੇਟਾ, ਅਵਾਜ਼, ਵੀਡੀਓ, ਉਪਕਰਨ ਤੇ ਹੋਰ ਸਰੋਤਾਂ ਨੂੰ ਸਾਂਝਾ ਕਰਨ ਦੇ ਯੋਗ ਬਣਾਉਂਦੀ ਹੈ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੌਜੀ ਦਿੱਲੀ ਇਸ ਪ੍ਰਾਜੈਕਟ ਦੀ ਭਾਗੀਦਾਰ ਸੰਸਥਾ ਹੈ।
ਵਰਚੁਅਲ ਲੈਬ ਦੀਆਂ ਸਹੂਲਤਾਂ ਨਾਲ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੂੰ ਜਾਣੂ ਕਰਵਾਉਣ ਤੇ ਤਜਰਬੇ ਦੇਣ ਲਈ ਯੂਨੀਵਰਸਿਟੀ ਦੇ ਕੰਪਿਊਟਰ ਸੈਂਟਰ ਤੇ ਡਿਜੀਟਲ ਮਾਮਲੇ ਸੈੱਲ ਵੱਲੋਂ ਆਈਆਈਟੀ ਦਿੱਲੀ ਦੇ ਵਰਚੁਅਲ ਲੈਬਜ਼ ਦੇ ਸਹਿਯੋਗ ਨਾਲ ਵਰਚੁਅਲ ਲੈਬਜ਼ ’ਤੇ ਵਰਕਸ਼ਾਪ ਕਰਵਾਈਆਂ ਜਾ ਰਹੀਆਂ ਹਨ। ਵਾਈਸ ਚਾਂਸਲਰ ਪ੍ਰੋਫੈ਼ਸਰ ਦਿਨੇਸ਼ ਕੁਮਾਰ ਨੇ ਮਹਾਮਾਰੀ ਦੌਰਾਨ ਵਿਦਿਆਰਥੀਆਂ ਲਈ ਵਰਚੁਅਲ ਲੈਬ ਸਹੂਲਤਾਂ ਸ਼ੁਰੂ ਕਰਨ ਲਈ ਡਿਜੀਟਲ ਅਫੇਅਰਜ਼ ਸੈੱਲ ਵੱਲੋਂ ਕੀਤੇ ਗਏ ਉਪਰਾਲੇ ’ਤੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਆਫਲਾਈਨ ਪ੍ਰਯੋਗਸ਼ਾਲਾ ਦਾ ਤਜਰਬਾ ਹਾਸਲ ਕਰਨ ਵਿੱਚ ਸਹਾਇਤਾ ਮਿਲੇਗੀ। ਯੂਨੀਵਰਸਿਟੀ ’ਚ ਡਿਜੀਟਲ ਮਾਮਲੇ ਦੀ ਡਾਇਰੈਕਟਰ ਡਾ. ਨੀਲਮ ਦੁਹਾਨ ਨੇ ਕਿਹਾ ਕਿ ਵਰਚੁਅਲ ਲੈਬ ਵਿਦਿਆਰਥੀਆਂ ਨੂੰ ਬਹੁਤ ਸਾਰੇ ਪ੍ਰਯੋਗ ਕਰਨ ਦੇ ਯੋਗ ਕਰੇਗੀ, ਜੋ ਜੋਖਮਾਂ ਦੇ ਕਾਰਨ ਅਸਲ ਲੈਬਾਂ ’ਚ ਕਰਨਾ ਮੁਸ਼ਕਲ ਹੈ। ਨੋਡਲ ਕੋਆਰਡੀਨੇਟਰ ਡਾ. ਲਲਿਤ ਮੋਹਨ ਗੋਇਲ ਨੇ ਦੱਸਿਆ ਕਿ ਵਰਕਸ਼ਾਪ ’ਚ ਭਾਗ ਲੈਣਾ ਸਾਰੇ ਵਿਦਿਆਰਥੀਆਂ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ।