ਮਹਾਂਵੀਰ ਮਿੱਤਲ
ਜੀਂਦ, 5 ਸਤੰਬਰ
ਜੀਂਦ ਉਪ-ਮੰਡਲ ਦੇ ਪੰਜ ਪਿੰਡਾਂ ਨੂੰ ਲਾਲ ਡੋਰਾ ਤੋਂ ਮੁਕਤ ਕਰਨ ਸਬੰਧੀ ਇੱਥੇ ਮਿੰਨੀ ਸਕੱਤਰੇਤ ਵਿੱਚ ਅਧਿਕਾਰੀਆਂ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਐੱਸਡੀਐੱਮ ਸੱਤਿਆਵਾਨ ਸਿੰਘ ਮਾਨ ਨੇ ਕੀਤੀ। ਇਸ ਮੌਕੇ ਸਿਟੀ ਮੈਜਿਸਟ੍ਰੇਟ ਹੁਸ਼ਿਆਰ ਸਿੰਘ, ਤਹਿਸੀਲਦਾਰ ਮਨੋਜ ਅਹਿਲਾਵਤ ਸਮੇਤ ਕਈ ਵਿਭਾਗਾਂ ਦੇ ਅਧਿਕਾਰੀ ਅਤੇ ਪੰਜ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ। ਐੱਸਡੀਐੱਮ ਸੱਤਿਆਵਾਨ ਸਿੰਘ ਮਾਨ ਨੇ ਦੱਸਿਆ ਕਿ ਰਾਜ ਸਰਕਾਰ ਦੀਆਂ ਹਦਾਇਤਾਂ ਪਹਿਲੇ ਪੜਾਅ ਵਿੱਚ ਜੀਂਦ ਉਪ ਮੰਡਲ ਦੇ ਇੰਟਲ ਕਲਾਂ, ਇੰਟਲ ਖੁਰਦ, ਢਾਂਡਾ ਖੇੜੀ, ਜਾਜਵਾਨ ਅਤੇ ਸੰਗਤਪੁਰਾ ਆਦਿ ਪਿੰਡਾਂ ਨੂੰ ਲਾਲ ਡੋਰਾ ਤੋਂ ਮੁਕਤ ਕੀਤਾ ਜਾ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਵੀ ਸੁਣੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 11 ਸਤੰਬਰ ਤੱਕ ਇੱਥੋਂ ਦੇ ਵਾਸੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। 12 ਸਤੰਬਰ ਨੂੰ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਗ੍ਰਾਮ ਸਭਾ ਦੀਆਂ ਮੀਟਿੰਗਾਂ ਹੋਣਗੀਆਂ। ਹਰ ਪ੍ਰਕਾਰ ਦੀ ਸ਼ਿਕਾਇਤ ਦੂਰ ਕਰਕੇ ਇਨ੍ਹਾਂ ਪੰਜ ਪਿੰਡਾਂ ਨੂੰ ਲਾਲ ਡੋਰਾ ਮੁਕਤ ਕੀਤਾ ਜਾਵੇਗਾ।