ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਸਤੰਬਰ
ਭਾਰਤ ਗਰੁੱਪ ਆਫ ਇੰਸਟੀਚਿਊਸ਼ਨ ਵਿਚ ਕਾਨਵੋਕੇਸ਼ਨ ਸਮਾਗਮ ਕਰਵਾਇਆ ਗਿਆ। ਇਸ ਦੀ ਸ਼ੁਰੂਆਤ ਸੰਸਥਾਨ ਦੇ ਚੇਅਰਮੈਨ ਓਮ ਨਾਥ ਸੈਣੀ ਦੇ ਦਿਸ਼ਾ ਨਿਰਦੇਸ਼ਨ ਵਿਚ ਸਾਬਕਾ ਲੋਕ ਸਭਾ ਮੈਂਬਰ ਕੈਲਾਸ਼ੋ ਸੈਣੀ ਨੇ ਦੀਪ ਜਗਾ ਕੇ ਕੀਤੀ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਨਵੋਕੇਸ਼ਨ ਵਿਦਿਆਰਥੀਆਂ ਦੇ ਹੌਸਲੇ ਬੁਲੰਦ ਕਰਕੇ ਉਨ੍ਹਾਂ ਨੂੰ ਅਗਲੇ ਪੜਾਅ ਵਿਚ ਦਾਖਲ ਕਰਨ ਦਾ ਅਹਿਸਾਸ ਕਰਾਉਣ ਦੇ ਮਕਸਦ ਨਾਲ ਕਰਾਈ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਬੱਚਿਆਂ ਵਿਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਜੋ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅਗੇ ਵਧਾਉਣ ਤੇ ਸਫਲਤਾ ਦੀਆ ਬੁਲੰਦੀਆਂ ਛੋਹਣ ਵਿਚ ਸਹਾਈ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਪੂਰੀ ਇਮਾਨਦਾਰੀ ਤੇ ਲਗਨ ਨਾਲ ਕੋਈ ਕੰਮ ਕਰੇ ਤਾਂ ਕੋਈ ਵੀ ਤਾਕਤ ਉਨ੍ਹਾਂ ਨੂੰ ਉਨਤੀ ਦੇ ਰਾਹ ਵਿਚ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ। ਐੱਚਐੱਸਆਈ ਟਰੇਡ ਵਿਚ ਪ੍ਰਦੀਪ ਕੁਮਾਰ ਨੇ ਪਹਿਲਾ, ਦੀਕਸ਼ਾ ਨੇ ਦੂਜਾ ਤੇ ਸਰੁਚੀ ਨੇ ਤੀਜਾ ਸਥਾਨ ਲਿਆ। ਇਲੈਕਟ੍ਰੀਸ਼ਨ ਟਰੇਡ ਵਿਚ ਰਿਤਿਕ ਕੁਮਾਰ ਨੇ ਪਹਿਲਾ, ਅਰੁਣ ਰਾਜ ਨੇ ਦੂਜਾ ਤੇ ਸਾਹਿਲ ਨੇ ਤੀਜਾ ਸਥਾਨ ਲਿਆ। ਇਸ ਮੌਕੇ ਪ੍ਰਬੰਧਕਾਂ ਨੇ ਸਿਖਿਆਰਥੀਆਂ ਨੁੰ ਅੱਗੇ ਵਧਣ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।