ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 14 ਮਈ
ਕਰਨਾਲ ਪੁਲੀਸ ਨੇ 5 ਮਈ ਨੂੰ ਬਸਤਾੜਾ ਟੌਲ ਪਲਾਜ਼ਾ ਤੋਂ ਫੜੇ ਗਏ ਚਾਰ ਸ਼ੱਕੀ ਅਤਿਵਾਦੀਆਂ ਦੇ ਮਦਦਗਾਰ ਅੰਬਾਲਾ ਜ਼ਿਲ੍ਹੇ ਦੇ ਮਹਿਮੂਦਪੁਰ ਪਿੰਡ ਦੇ ਨਿਤਿਨ ਸ਼ਰਮਾ ਨੂੰ ਫ਼ਰਜ਼ੀ ਆਰਸੀ ਬਣਾਉਣ ਦੇ ਮਾਮਲੇ ਵਿੱਚ ਬੀਤੇ ਕੱਲ੍ਹ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਤਿੰਨ ਦਿਨਾਂ ਦਾ ਰਿਮਾਂਡ ਲਿਆ ਹੈ। ਜਾਂਚ ਦੌਰਾਨ ਨਿਤਿਨ ਸ਼ਰਮਾ ਨੇ ਇਸ ਫ਼ਰਜ਼ੀਵਾੜੇ ’ਚ ਦੋ ਹੋਰ ਸਾਥੀਆਂ ਦੇ ਸ਼ਾਮਲ ਹੋਣ ਦਾ ਖ਼ੁਲਾਸਾ ਕੀਤਾ ਹੈ। ਨਿਤਿਨ ਲੋਨ ਵਾਲੀਆਂ ਗੱਡੀਆਂ ਦੀ ਫ਼ਰਜ਼ੀ ਆਰਸੀ ਤਿਆਰ ਕਰਦਾ ਸੀ। ਜਾਂਚ ਦੌਰਾਨ ਹੀ ਪੁਲੀਸ ਨੂੰ ਨਿਤਿਨ ਦੇ ਕੁਝ ਹੋਰ ਸਾਥੀਆਂ ਦੇ ਸ਼ਾਮਲ ਹੋਣ ਦਾ ਪਤਾ ਲੱਗਿਆ ਸੀ। ਕਰਨਾਲ ਪੁਲੀਸ ਅਨੁਸਾਰ ਸਬੰਧਤ ਗੱਡੀਆਂ ਨਿਤਿਨ ਨੇ ਮੇਰਠ ਤੋਂ ਦਿਵਾਈਆਂ ਸਨ। ਮੇਰਠ ਦੇ ਪਵਨ ਅਤੇ ਸੰਦੀਪ ਦਾ ਨਾਂ ਵੀ ਇਸ ਮਾਮਲੇ ’ਚ ਆ ਰਿਹਾ ਹੈ।