* ਹਰਿਆਣਾ ਦੀ ਭਾਜਪਾ ਸਰਕਾਰ ’ਤੇ ਤਿੱਖੇ ਹਮਲੇ ਕੀਤੇ
ਆਤਿਸ਼ ਗੁਪਤਾ/ਜਗਤਾਰ ਸਮਾਲਸਰ
ਚੰਡੀਗੜ੍ਹ/ਏਲਨਾਬਾਦ, 12 ਅਗਸਤ
ਆਮ ਆਦਮੀ ਪਾਰਟੀ ਨੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਵਿਚ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ‘ਆਪ’ ਵੱਲੋਂ ਅੱਜ ਹਰਿਆਣਾ ਦੇ ਰਾਣੀਆਂ ਵਿੱਚ ਜਨ ਸਭਾ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਸੰਜੇ ਸਿੰਘ ਤੇ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲ ਗਈ ਹੈ ਤੇ ਜਲਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਜੇਲ੍ਹ ’ਚੋਂ ਬਾਹਰ ਆਉਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਕਿਸਾਨ, ਜਵਾਨ ਤੇ ਪਹਿਲਵਾਨ ਤਿੰਨੋਂ ਦੇਸ਼ ਤੇ ਵਿਦੇਸ਼ ਵਿੱਚ ਪ੍ਰਸਿੱਧ ਹਨ, ਜਦੋਂ ਕਿ ਭਾਜਪਾ ਵੱਲੋਂ ਇਨ੍ਹਾਂ ਤਿੰਨਾਂ ਵਰਗਾਂ ਦਾ ਅਪਮਾਨ ਕੀਤਾ ਗਿਆ ਹੈ। ਹਰਿਆਣਾ ਦੇ ਲੋਕਾਂ ਨੇ ਕਈ ਨੇਤਾਵਾਂ ਨੂੰ ਜਿਤਾਇਆ, ਪਰ ਅੱਜ ਤੱਕ ਨੇਤਾ ਜਿੱਤਦੇ ਰਹੇ ਅਤੇ ਜਨਤਾ ਹਾਰਦੀ ਰਹੀ ਹੈ। ਇਨ੍ਹਾਂ ਨੇਤਾਵਾਂ ਨੇ ਆਪਣੇ ਘਰ ਭਰਨ ਤੋਂ ਸਿਵਾਏ ਕੁਝ ਨਹੀਂ ਕੀਤਾ। ਇਸੇ ਕਰਕੇ ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਵੀ ਗਰੀਬੀ ਖਤਮ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਜਨਤਾ ਦਾ ਕੋਈ ਕਸੂਰ ਨਹੀਂ ਸੀ, ਇਹ ਸਿਸਟਮ ਦਾ ਕਸੂਰ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹਰਿਆਣਾ ਦੇ ਲੋਕਾਂ ਕੋਲ ਕੋਈ ਬਦਲ ਨਹੀਂ ਸੀ। ਜਦੋਂ ਕਾਂਗਰਸ ਨੇ ਹਰਿਆਣਾ ਦੇ ਲੋਕਾਂ ਨੂੰ ਤੰਗ ਕੀਤਾ ਤਾਂ ਭਾਜਪਾ ਜਿੱਤੀ, ਜਦੋਂ ਭਾਜਪਾ ਨੇ ਇਸ ਤੋਂ ਵੀ ਵੱਧ ਤੰਗ ਕੀਤਾ ਤਾਂ ਇਨੈਲੋ ਜਿੱਤ ਗਈ ਅਤੇ ਜਦੋਂ ਇਨੈਲੋ ਨੇ ਉਨ੍ਹਾਂ ਨੂੰ ਦੋਵਾਂ ਤੋਂ ਵੱਧ ਪ੍ਰੇਸ਼ਾਨ ਕੀਤਾ ਤਾਂ ਭਾਜਪਾ ਫਿਰ ਜਿੱਤ ਗਈ। ਹੁਣ ਹਰਿਆਣਾ ਦੇ ਲੋਕਾਂ ਕੋਲ ਆਮ ਆਦਮੀ ਪਾਰਟੀ ਮਜ਼ਬੂਤ ਬਦਲ ਹੈ।
ਸ੍ਰੀ ਮਾਨ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ। ਇਸੇ ਕਰਕੇ ਲੋਕਾਂ ਲਈ ਦਿਨ-ਰਾਤ ਕੰਮ ਕਰਨ ਵਾਲੇ ‘ਆਪ’ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਨੂੰ ਦੋ ਦਿਨ ਪਹਿਲਾਂ ਜ਼ਮਾਨਤ ਮਿਲੀ ਹੈ, ਉਸ ਤੋਂ ਪਹਿਲਾਂ ਸੰਜੇ ਸਿੰਘ ਨੂੰ ਜ਼ਮਾਨਤ ਮਿਲੀ ਸੀ, ਹੁਣ ਆਉਣ ਵਾਲੇ ਦਿਨਾਂ ਵਿੱਚ ਅਰਵਿੰਦ ਕੇਜਰੀਵਾਲ ਬਾਹਰ ਆਉਣਗੇ। ਇਹ ਲੋਕ ਅਰਵਿੰਦ ਕੇਜਰੀਵਾਲ ਨੂੰ ਕੈਦ ਕਰ ਸਕਦੇ ਹਨ, ਪਰ ਉਨ੍ਹਾਂ ਦੀ ਸੋਚ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ, ‘‘ਮਾਵਾਂ-ਭੈਣਾਂ ਸਵੇਰੇ ਹਨੇਰੇ ਵਿੱਚ ਵੀ ਸਾਡੇ ਚੋਣ ਨਿਸ਼ਾਨ ਝਾੜੂ ਨੂੰ ਲੱਭਦੀਆਂ ਹਨ। ਪਹਿਲਾਂ ਅਸੀਂ ਝਾੜੂਆਂ ਨਾਲ ਘਰਾਂ ਦੀ ਸਫ਼ਾਈ ਕਰਦੇ ਸੀ, ਹੁਣ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪੂਰੇ ਭਾਰਤ ਨੂੰ ਝਾੜੂਆਂ ਨਾਲ ਸਾਫ਼ ਕਰਾਂਗੇ।’’
ਉਨ੍ਹਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਵਾਲਿਆਂ ਨੇ ਸਾਡੀਆਂ ਤਿੰਨ ਪੀੜ੍ਹੀਆਂ ਖਰਾਬ ਕਰ ਦਿੱਤੀਆਂ ਹਨ, ਹੁਣ ਉਹ ਇਕ ਹੋਰ ਮੌਕਾ ਮੰਗ ਰਹੇ ਹਨ। ਮੋਦੀ ਜੀ ਕਹਿ ਰਹੇ ਸਨ ਕਿ ਹਰਿਆਣਾ ’ਚ ਡਬਲ ਇੰਜਣ ਦੀ ਲੋੜ ਹੈ, ਜਦੋਂ ਇੰਜਣ ਲੱਗਾ ਸੀ ਤਾਂ ਇੰਜਣ ਕਿਉਂ ਬਦਲਿਆ। ਕੀ ਮਨੋਹਰ ਲਾਲ ਖੱਟਰ ਦਾ ਇੰਜਣ ਖਰਾਬ ਹੋ ਗਿਆ ਸੀ। ਦੇਸ਼ ਨੂੰ ਨਵੇਂ ਇੰਜਣ ਦੀ ਲੋੜ ਹੈ, ਡਬਲ ਇੰਜਣ ਦੀ ਨਹੀਂ। ਦਿੱਲੀ ਅਤੇ ਪੰਜਾਬ ਦੇ ਲੋਕਾਂ ਨੇ ਆਪਣੇ ਇੰਜਣ ਬਦਲ ਲਏ ਹਨ, ਹੁਣ ਉੱਥੇ ਜਨਤਾ ਦੇ ਕੰਮ ਹੋ ਰਹੇ ਹਨ ਅਤੇ ਰਿਸ਼ਵਤਖੋਰੀ ਖਤਮ ਹੋ ਗਈ ਹੈ। ਹੁਣ ਹਰਿਆਣਾ ਵਿੱਚ ਵੀ ਹਰਿਆਣਾ ਦੇ ਲਾਲ ਅਰਵਿੰਦ ਕੇਜਰੀਵਾਲ ਨੂੰ ਲਿਆਉਣਾ ਹੈ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਅਨੁਰਾਗ ਢਾਂਡਾ, ਰਜਨੀਸ਼ ਜੈਨ, ਨਵੀਨ ਗੌੜ, ਦੇਵੇਂਦਰ ਗੌਤਮ, ਸੰਦੀਪ ਮਲਿਕ, ਅਨੁਰਾਗ ਮਲਿਕ, ਰਾਜੇਸ਼ ਸਰੋਆ ਆਦਿ ਨੇ ਵੀ ਸੰਬੋਧਨ ਕੀਤਾ।
‘‘ਆਪ’ ਧਰਮ ਦੀ ਰਾਜਨੀਤੀ ਨਹੀਂ ਕਰਦੀ’
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਨੂੰ ਧਰਮ ਦੀ ਰਾਜਨੀਤੀ ਨਹੀਂ ਆਉਂਦੀ ਹੈ। ਉਸ ਨੂੰ ਸਿੱਖਿਆ ਤੇ ਸਿਹਤ ਖੇਤਰ ਵਿੱਚ ਸੁਧਾਰ ਕਰਨ ਲਈ ਸਕੂਲ ਤੇ ਹਸਪਤਾਲ ਬਣਾਉਣੇ ਆਉਂਦੇ ਹਨ। ਪੰਜਾਬ ਵਿੱਚ ਅੱਜ ਅਧਿਕਾਰੀ ਪਿੰਡਾਂ ਦੀਆਂ ਸੱਥਾਂ ਵਿੱਚ ਬੈਠ ਕੇ ਲੋਕਾਂ ਦੇ ਕੰਮ ਕਰਦੇ ਹਨ। ਪੰਜਾਬ ਵਿੱਚ 44 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। ਰਿਸ਼ਵਤਖੋਰੀ ਨੂੰ ਜੜ੍ਹ ਤੋਂ ਖਤਮ ਕੀਤਾ ਅਤੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਹੈ। ਪੰਜਾਬ ਦੇ 90 ਫ਼ੀਸਦ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ।