ਪੱਤਰ ਪ੍ਰੇਰਕ
ਪਿਹੋਵਾ, 8 ਅਪਰੈਲ
ਇੱਥੋਂ ਦੀ ਅਨਾਜ ਮੰਡੀ ਵਿੱਚ ਸਾਬਕਾ ਮੰਤਰੀ ਬਲਬੀਰ ਸੈਣੀ ਦੀ ਅਗਵਾਈ ਹੇਠ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਇੰਚਾਰਜ ਅਤੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਦੇਸ਼ ਅਤੇ ਸੂਬੇ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ 2024 ਦੀਆਂ ਚੋਣਾਂ ਵਿੱਚ ਲੋਕ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਹਰਿਆਣਾ ਵਿੱਚ ‘ਆਪ’ ਦੀ ਸਰਕਾਰ ਬਣਾਉਣਗੇ।
ਉਨ੍ਹਾਂ ਕਿਹਾ ਕਿ ‘ਆਪ’ ਪਾਰਟੀ ਨੂੰ ਵੱਡੇ ਨਾਵਾਂ ਦੀ ਨਹੀਂ, ਆਮ ਆਦਮੀ ਦੀ ਲੋੜ ਹੈ, ਜੋ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਕਰਨਾ ਚਾਹੁੰਦੇ ਹਨ, ਜਿਨ੍ਹਾਂ ਦਾ ਕਿਰਦਾਰ ਚੰਗਾ ਹੈ, ਜਿਨ੍ਹਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ’ਤੇ ਅੱਧਾ ਹੱਕ ਹਰਿਆਣਾ ਦਾ ਹੈ ਅਤੇ ਅੱਧਾ ਪੰਜਾਬ ਦਾ ਹੈ, ਇਸੇ ਕਰਕੇ ਚੰਡੀਗੜ੍ਹ ਵਿੱਚ ਦੋਵਾਂ ਸੂਬਿਆਂ ਦੀ ਬਰਾਬਰ ਦੀ ਹਿੱਸੇਦਾਰੀ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਲਬੀਰ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਿਹੋਵਾ ਵਿੱਚ ਭਾਜਪਾ ਦੀ ਰੈਲੀ ਦੌਰਾਨ ਸੱਤ ਸਾਲ ਪਹਿਲਾਂ ਵਾਲਾ ਸਰਕਾਰੀ ਹਸਪਤਾਲ ਬਣਾਉਣ ਦਾ ਐਲਾਨ ਦੁਹਰਾਇਆ ਹੈ, ਜਦਕਿ ਹਸਪਤਾਲ ਅਜੇ ਵੀ ਅਧੂਰਾ ਪਿਆ ਹੈ। ਉਨ੍ਹਾਂ ਕਿਹਾ ਕਿ ਪਿਹੋਵਾ ਵਿੱਚ ਕੋਈ ਵੱਡਾ ਵਿਕਾਸ ਕਾਰਜ ਨਹੀਂ ਹੋਇਆ, ਸੜਕਾਂ ਦੀ ਹਾਲਤ ਖਸਤਾ ਹੈ। ਰੈਲੀ ਨੂੰ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ, ਜਗਤ ਸਿੰਘ ਚੰਡੀਗੜ੍ਹ ਫਾਰਮ, ਦਿੱਲੀ ਹਾਊਸਿੰਗ ਬੋਰਡ ਦੇ ਚੇਅਰਮੈਨ ਰਾਜੇਸ਼ ਗੋਇਲ, ਸੰਜੇ ਬਾਰੂ, ਨਵਨੀਤ ਸੈਣੀ, ਸਹਿ ਇੰਚਾਰਜ ਦਿਨੇਸ਼ ਪ੍ਰਤਾਪ, ਬੀ.ਕੇ ਕੌਸ਼ਿਕ, ਹਲਕਾ ਇੰਚਾਰਜ ਨੇ ਵੀ ਸੰਬੋਧਨ ਕੀਤਾ।