ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਗਸਤ
ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਡਟੇ ਕਿਸਾਨ ਮੋਰਚਿਆਂ ਵਲੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਬਚਿੱਤਰ ਕੌਰ ਮੋਗਾ ਨੇ ਸ਼ਹੀਦ ਰਾਜਗੁਰੂ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਜੀਵਨੀ ’ਤੇ ਝਾਤ ਪਾਉਂਦਿਆਂ ਕਿਹਾ ਕਿ ਕਿਵੇਂ ਭਗਤ ਸਿੰਘ , ਰਾਜਗੁਰੂ , ਸੁਖਦੇਵ ਨੇ ਮਿਲ ਕੇ ਲਗਾਤਾਰ ਕਈ ਸਾਲ ਅੰਗਰੇਜ਼ ਬਸਤੀਵਾਦ ਤੋਂ ਗ਼ੁਲਾਮੀ ਦਾ ਜੁੱਲਾ ਲਾਹੁਣ ਲਈ ਅਤੇ ਭਾਰਤ ਦੇ ਲੋਕਾਂ ਲਈ ਬਰਾਬਰਤਾ ਦਾ ਰਾਜ ਅਤੇ ਖਰੀ ਜਮਹੂਰੀਅਤ ਬਹਾਲ ਕਰਾਉਣ ਲਈ ਸਿਰੜੀ ਸੰਘਰਸ਼ ਕੀਤੇ। ਬੱਚੀ ਏਕਮਨੂਰ ਕੌਰ ਝੇਰਿਆਂਵਾਲੀ ਨੇ ਨਾਅਰੇ ਲਾ ਕੇ ਮੋਰਚੇ ਵਿੱਚ ਜੋਸ਼ ਭਰਿਆ। ਬਰਨਾਲਾ ਜ਼ਿਲ੍ਹੇ ਦੀ ਆਗੂ ਕਿਰਨਪਾਲ ਕੌਰ ਬਰਨਾਲਾ ਨੇ ਕਿਹਾ ਅੱਜ ਤਕ ਸਾਨੂੰ ਗ੍ਰੰਥਾਂ ਵਿੱਚੋਂ ਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਵਿੱਚ ਔਰਤਾਂ ਨੂੰ ਬਰਾਬਰਤਾ ਦਾ ਦਰਜਾ ਦਿਵਾਉਣ ਲਈ ਲਿਖਿਆ ਹੋਇਆ ਤਾਂ ਬਹੁਤ ਕੁਝ ਮਿਲਦਾ ਸੀ ਪਰ ਅਮਲੀ ਰੂਪ ਦੇ ਵਿੱਚ ਲਾਗੂ ਨਹੀਂ ਹੋ ਰਿਹਾ ਸੀ। ਔਰਤ ਜਾਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਨੇ ਆਪ ਦੇ ਵਡਮੁੱਲੇ ਵਿਚਾਰਾਂ ਨਾਲ ਸਲਾਹਿਆ ‘ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ’
ਸਾਡੇ ਦੇਸ਼ ਦੇ ਹਾਕਮ ਚਾਹੁੰਦੇ ਹਨ ਕਿ ਔਰਤਾਂ ਘਰ ਦੀ ਚਾਰਦੀਵਾਰੀ ਵਿੱਚ ਰਹਿ ਕੇ ਘਰੇਲੂ ਕੰਮ ਅਤੇ ਬੱਚੇ ਪੈਦਾ ਕਰਕੇ ਉਨ੍ਹਾਂ ਦੀ ਸਾਂਭ ਸੰਭਾਲ ਹੀ ਕਰਨ। ਛਿੰਦਰਪਾਲ ਕੌਰ ਮਾਨਸਾ ਅਤੇ ਜਸਵਿੰਦਰ ਕੌਰ ਗਾਗਾ ਨੇ ਕਿਹਾ ਕਿ ਵੋਟ ਬਟੋਰੂ ਪਾਰਟੀਆਂ ਕਿਰਤੀ ਲੋਕਾਂ ਦੀ ਲੁੱਟ ਵੱਡੇ ਕਾਰਪੋਰੇਟ ਘਰਾਣਿਆਂ ਦੇ ਦਲਾਲ ਬਣ ਕੇ ਕਰਾ ਰਹੀਆਂ ਹਨ। ਹੁਣ ਸਾਨੂੰ ਇਨ੍ਹਾਂ ਗੱਲਾਂ ਦੀ ਸਮਝ ਆ ਚੁੱਕੀ ਹੈ ਕਿ ਸਾਰੀਆਂ ਹੀ ਵੋਟ ਪਾਰਟੀਆਂ ਇਸ ਲੁਟੇਰੇ ਨਿਜ਼ਾਮ ਦੀਆਂ ਭਾਗੀਦਾਰ ਹਨ। ਉਨ੍ਹਾਂ ਕਿਹਾ ਕਿ ਕਿਸਾਨ ਘੋਲਾਂ ਦੇ ਵਿੱਚ ਔਰਤਾਂ ਸ਼ਿੱਦਤ ਨਾਲ ਕਿਸਾਨ ਅੰਦੋਲਨ ਵਿੱਚ ਹਿੱਸਾ ਪਾ ਰਹੀਆਂ ਹਨ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਪਿਛਲ ਮੋੜਾ ਦੇਣ ਲਈ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਤਿੱਖੇ ਸੰਘਰਸ਼ਾਂ ਵਿਚ ਸ਼ਾਮਿਲ ਰਹਿਣਗੀਆਂ। ਆਗੂਆਂ ਨੇ ਕਿਹਾ ਤਿੰਨੇ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਉਹ ਮੋਰਚੇ ਵਿੱਚ ਡਟੇ ਰਹਿਣਗੇ ਅਤੇ ਮੋਦੀ ਤੇ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰਹਿਣਗੇ।