ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 5 ਅਕਤੂਬਰ
ਜਿੱਥੇ ਦੇਸ਼ ਦੇ ਕਿਸਾਨਾਂ ਵੱਲੋਂ ਥਾਂ-ਥਾਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਭਾਜਪਾ ਆਗੂਆਂ ਨੇ ਬਿੱਲਾਂ ਦੇ ਫ਼ਾਇਦੇ ਗਿਨਾਉਣੇ ਸ਼ੁਰੂ ਕੀਤੇ ਹਨ। ਕੇਂਦਰੀ ਰਾਜ ਮੰਤਰੀ ਤੇ ਇੱਥੋਂ ਦੇ ਸੰਸਦ ਮੈਂਬਰ ਕ੍ਰਿਸ਼ਨ ਪਾਲ ਗੁੱਜਰ ਵੱਲੋਂ ਫਰੀਦਾਬਾਦ ਭਾਜਪਾ ਦੇ ਪ੍ਰਧਾਨ ਗੋਪਾਲ ਸ਼ਰਮਾ ਤੇ ਲੀਗਲ ਸੈੱਲ ਦੇ ਆਗੂਆਂ ਨਾਲ ਮਿਲ ਕੇ ਬਿੱਲਾਂ ਦੇ ਲਾਹੇ ਦੱਸੇ। ਉਨ੍ਹਾਂ ਕਿਹਾ ਕਿ ਤਿੰਨੋਂ ਬਿੱਲ ਅੰਨਦਾਤਾ ਨੂੰ ਦਲਾਲਾਂ ਦੇ ਚੁੰਗਲ ਵਿੱਚੋਂ ਕੱਢਣਗੇ ਤੇ ਵਿਚੋਲਿਆਂ ਦਾ ਇਕ ਅਧਿਕਾਰ ਖ਼ਤਮ ਹੋ ਜਾਵੇਗਾ। ਉਨ੍ਹਾਂ ਭਾਜਪਾ ਦੇ ਦਫ਼ਤਰ ਵਿੱਚ ਬੁੱਧੀਜੀਵੀਆਂ ਨਾਲ ਬੈਠਕ ਕੀਤੀ ਤੇ ਦੱਸਿਆ ਕਿ ਵਿਰੋਧੀ ਧਿਰਾਂ ਵੱਲੋਂ ਕਿਸਾਨਾਂ ਵਿੱਚ ਭਰਮ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਕਿਸਾਨ ਆਤਮਨਿਰਭਰ ਹੋਣਗੇ। ਉਨ੍ਹਾਂ ਕਿਹਾ ਕਿ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਖ਼ਤਮ ਨਹੀਂ ਕੀਤਾ ਜਾਵੇਗਾ ਤੇ ਮੰਡੀਆਂ ਦੀ ਵਿਵਸਥਾ ਪਹਿਲਾਂ ਵਾਂਗ ਕਾਇਮ ਰਹੇਗੀ। ਖੁੱਲ੍ਹੇ ਬਜ਼ਾਰ ਦਾ ਵਿਕਲਪ ਕਿਸਾਨਾਂ ਨੂੰ ਦਿੱਤਾ ਗਿਆ ਹੈ ਕਿ ਉਹ ਆਪਣੀ ਫਸਲ ਮਹਿੰਗੇ ਮੁੱਲ ਉਪਰ ਵੇਚ ਸਕਦੇ ਹਨ। ਕੌਮਾਂਤਰੀ ਬਜ਼ਾਰ ਨੂੰ ਉਤਸ਼ਾਹ ਮਿਲੇਗਾ ਪਰ ਕੁੱਝ ਅਜਿਹੇ ਲੋਕ ਹਨ ਜਿਨ੍ਹਾਂ ਦਾ ਏਕਾਅਧਿਕਾਰ ਖਤਮ ਹੋ ਜਾਵੇਗਾ ਤੇ ਉਹੀ ਲੋਕ ਪ੍ਰੇਸ਼ਾਨ ਹਨ। ਸ੍ਰੀ ਗੋਪਾਲ ਸ਼ਰਮਾ ਸਮੇਤ ਹੋਰ ਬੁੱਧੀਜੀਵੀਆਂ ਨੇ ਵੀ ਆਪਣੇ ਵਿਚਾਰ ਰੱਖੇ।